ਜਲ ਸੈਨਾ ਨੂੰ 1,943 ਕਰੋੜ ਦੇ ਸਮਝੌਤੇ ਤਹਿਤ
2 ਐਮ.ਕਿਊ-9ਬੀ ਸੀ ਗਾਰਡੀਅਨ ਡਰੋਨ ਮਿਲਣਗੇ
ਨਵੀਂ ਦਿੱਲੀ, 17 ਅਗਸਤ (ਪੀ. ਟੀ.
ਨਵੀਂ ਦਿੱਲੀ, 17 ਅਗਸਤ (ਪੀ.ਟੀ.ਆਈ.)-ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਅਮਰੀਕੀ ਰੱਖਿਆ ਕੰਪਨੀ ‘ਜਨਰਲ ਐਟੋਮਿਕਸ ਏਰੋਨਾਟਿਕਲ ਸਿਸਟਮਜ਼’ ਨਾਲ ਇਕ ਸਮਝੌਤੇ ’ਤੇ ਦਸਤਖਤ ਕਰਨ ਦਾ ਐਲਾਨ ਕੀਤਾ, ਜਿਸ ਤਹਿਤ ਭਾਰਤੀ ਜਲ ਸੈਨਾ ਲਈ 1,943 ਕਰੋੜ ਰੁਪਏ ਦੀ ਲਾਗਤ ਨਾਲ ਦੋ ‘ਐਮ.ਕਿਊ-9ਬੀ ਸੀ ਗਾਰਡੀਅਨ’ ਉੱਚਾਈ ’ਤੇ ਲੰਬੇ ਸਮੇਂ ਤੱਕ ਉੱਡਾਣ ਭਰਨ ਦੇ ਸਮਰੱਥ ਬਿਨਾਂ ਪਾਇਲਟ ਵਾਲੇ ਜਹਾਜ਼ (ਡਰੋਨ) - ਲੀਜ਼ ’ਤੇ ਲਏ ਜਾਣਗੇ। ਜਲ ਸੈਨਾ ਪਹਿਲਾਂ ਹੀ ਦੋ ‘ਸੀ ਗਾਰਡੀਅਨ’ ਡਰੋਨਾਂ ਦੀ ਵਰਤੋਂ ਕਰ ਰਹੀ ਹੈ, ਜੋ ਕੁਝ ਸਾਲ ਪਹਿਲਾਂ ਲੀਜ਼ ’ਤੇ ਲਏ ਗਏ ਸਨ। ਦੋ ਹੋਰ ਐਮ.ਕਿਊ.-9ਬੀ ਸੀ ਗਾਰਡੀਅਨ ਡਰੋਨ ਲੀਜ਼ ’ਤੇ ਲੈਣ ਦਾ ਇਹ ਫ਼ੈਸਲਾ ਅਜਿਹੇ ਸਮੇਂ ਵਿਚ ਲਿਆ ਗਿਆ ਹੈ ਜਦੋਂ ਭਾਰਤ ਅਮਰੀਕਾ ਨਾਲ ਹੋਏ 4 ਅਰਬ ਅਮਰੀਕੀ ਡਾਲਰ ਦੇ ਖਰੀਦ ਸਮਝੌਤੇ ਤਹਿਤ ਅਜਿਹੇ 31 ਡਰੋਨਾਂ ਦੀ ਸਪਲਾਈ ਦੀ ਉਡੀਕ ਕਰ ਰਿਹਾ ਹੈ। ਇਹ ਡਰੋਨ 35 ਘੰਟਿਆਂ ਤੋਂ ਵੱਧ ਸਮੇਂ ਤੱਕ ਹਵਾ ਵਿਚ ਰਹਿਣ ਦੇ ਸਮਰੱਥ ਹਨ ਅਤੇ ਚਾਰ ‘ਹੈਲਫਾਇਰ’ ਮਿਜ਼ਾਈਲਾਂ ਅਤੇ ਲਗਭਗ 450 ਕਿਲੋਗ੍ਰਾਮ ਬੰਬ ਚੁੱਕ ਸਕਦੇ ਹਨ। ‘ਸੀ ਗਾਰਡੀਅਨ’ ਡਰੋਨ ਇਸ ਲਈ ਖਰੀਦੇ ਜਾ ਰਹੇ ਹਨ ਕਿਉਂਕਿ ਇਹ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਸਕਦੇ ਹਨ, ਜਿਨ੍ਹਾਂ ਵਿਚ ਸਮੁੰਦਰੀ ਨਿਗਰਾਨੀ, ਪਣਡੁੱਬੀ-ਵਿਰੋਧੀ ਕਾਰਵਾਈਆਂ ਅਤੇ ਦੂਰ-ਦੁਰਾਡੇ ਦੇ ਟੀਚਿਆਂ ਨੂੰ ਨਿਸ਼ਾਨਾ ਬਣਾਉਣਾ ਆਦਿ ਸ਼ਾਮਿਲ ਹਨ।