ਐੱਨ . ਟੀ . ਏ . ਵਲੋਂ ਪ੍ਰੀਖਿਆ ਪ੍ਰਣਾਲੀ ’ ਚ ਵੱਡੇ ਬਦਲਾਅ ਸ਼ੁਰੂ
50 ਕਰਮਚਾਰੀ ਹਟਾਏ , 10 ਲੀਡਰਸ਼ਿਪ ਅਹੁਦਿਆਂ ਲਈ ਇਸ਼ਤਿਹਾਰ ਦਿੱਤਾ
ਨਵੀਂ ਦਿੱਲੀ, 17 ਅਗਸਤ (ਪੀ. ਟੀ.
ਨਵੀਂ ਦਿੱਲੀ, 17 ਅਗਸਤ (ਪੀ.ਟੀ.ਆਈ.)-ਸਿੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਆਪਣੇ 50 ਤੋਂ ਵੱਧ ਕਰਮਚਾਰੀਆਂ ਨੂੰ ਹਟਾ ਦਿੱਤਾ ਹੈ ਤੇ ਪੂਰੀ ਪ੍ਰੀਖਿਆ ਪ੍ਰਣਾਲੀ ਦੇ ਸੁਧਾਰ ਦੇ ਹਿੱਸੇ ਵਜੋਂ ਮੁੱਖ ਲੀਡਰਸ਼ਿਪ ਅਹੁਦਿਆਂ ’ਤੇ ਪੇਸ਼ੇਵਰਾਂ ਨੂੰ ਨਿਯੁਕਤ ਕਰ ਰਹੀ ਹੈ। ਇਹ ਕਦਮ ਐੱਨ.ਟੀ.ਏ. ਵਲੋਂ ਤਿੰਨ ਵਿਸ਼ਿਆਂ ਲਈ ਯੂ.ਜੀ.ਸੀ.-ਐੱਨ.ਈ.ਟੀ. ਪ੍ਰੀਖਿਆ ਪੇਪਰਾਂ ’ਚ ਕਈ ਗਲਤੀਆਂ ਕਾਰਨ ਵਿਦਵਾਨਾਂ ਲਈ ਦੁਬਾਰਾ ਪ੍ਰੀਖਿਆ ਦੇ ਆਦੇਸ਼ ਦੇਣ ਤੋਂ ਬਾਅਦ ਆਇਆ ਹੈ। ਇਹ ਬਦਲਾਅ ਪੇਪਰ ਲੀਕ ਦੇ ਦੋਸ਼ਾਂ ਕਾਰਨ ਨੀਟ-ਯੂ.ਜੀ. 2026 ਪ੍ਰੀਖਿਆ ਰੱਦ ਕਰਨ ਤੋਂ ਕੁਝ ਮਹੀਨਿਆਂ ਬਾਅਦ ਆਏ ਹਨ।ਮੰਤਰਾਲੇ ਨੇ ਐਕਸ ‘ਤੇ ਪੋਸਟ ’ਚ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ, ਐੱਨ.ਟੀ.ਏ. ਦੇ ਡਾਇਰੈਕਟਰ ਜਨਰਲ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਹਾਲ ਹੀ ਦੇ ਮੁੱਦਿਆਂ ਅਤੇ ਏਜੰਸੀ ਦੁਆਰਾ ਪੂਰੇ ਪ੍ਰੀਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ। ਮੰਤਰਾਲੇ ਨੇ ਕਿਹਾ ਕਿ ਮੰਤਰੀ ਨੂੰ ਦੱਸਿਆ ਗਿਆ ਕਿ ਐੱਨ.ਟੀ.ਏ. ਤੋਂ 50 ਤੋਂ ਵੱਧ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਹੈ।”ਮੰਤਰਾਲੇ ਨੇ ਕਿਹਾ ਕਿ ਦਸ ਨਵੇਂ ਪੇਸ਼ੇਵਰ ਲੀਡਰਸ਼ਿਪ ਅਹੁਦਿਆਂ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਹਨ - ਜਿਨ੍ਹਾਂ ’ਚ ਮੁੱਖ ਤਕਨਾਲੋਜੀ ਅਧਿਕਾਰੀ, ਮੁੱਖ ਵਿੱਤ ਅਧਿਕਾਰੀ, ਸੀ.ਆਈ.ਐੱਸ.ਓ., ਜੀ.ਐੱਮ. (ਟੈਸਟ ਸੁਰੱਖਿਆ) ਤੇ ਜੀ.ਐੱਮ. (ਆਰ ਅਤੇ ਡੀ ਅਤੇ ਸਾਈਕੋਮੈਟ੍ਰਿਕਸ) ਸ਼ਾਮਿਲ ਹਨ, ਅਤੇ ਭਰਤੀ ਜਾਰੀ ਹੈ।”ਮੰਤਰਾਲੇ ਨੇ ਇਹ ਵੀ ਕਿਹਾ ਕਿ ਸਾਈਬਰ ਸੁਰੱਖਿਆ, ਮਨੋਵਿਗਿਆਨ, ਪ੍ਰਸ਼ਨ ਪੱਤਰ ਡਿਜ਼ਾਈਨ ਅਤੇ ਹੋਰ ਵਿਸ਼ੇਸ਼ ਖੇਤਰਾਂ ਲਈ ਨਿੱਜੀ ਖੇਤਰ ਦੇ ਡੋਮੇਨ ਮਾਹਿਰਾਂ ਨੂੰ ਲਿਆਂਦਾ ਜਾ ਰਿਹਾ ਹੈ।ਮੰਤਰਾਲੇ ਅਨੁਸਾਰ, ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਥਾਪਿਤ ਪ੍ਰੀਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਮੰਤਰਾਲੇ ਨੇ ਕਿਹਾ ਕਿ ਐੱਨ.ਟੀ.ਏ. ਨੂੰ ਸਾਰੀਆਂ ਪ੍ਰੀਖਿਆ ਪ੍ਰਕਿਰਿਆਵਾਂ ਦਾ ਡੂੰਘਾਈ ਨਾਲ ਆਡਿਟ ਕਰਨ ਅਤੇ ਸੁਧਾਰਾਤਮਕ ਉਪਾਵਾਂ ’ਤੇ ਇਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਮੀਟਿੰਗ ਐੱਨ.ਟੀ.ਏ. ਵਲੋਂ ਐਤਵਾਰ ਰਾਤ ਨੂੰ ਐਲਾਨ ਕੀਤੇ ਜਾਣ ਬਾਅਦ ਹੋਈ ਕਿ ਉਹ ਯੂ.ਜੀ.ਸੀ.-ਨੈੱਟ ਜੂਨ 2026 ਦੇ ਤਿੰਨ ਪੇਪਰਾਂ- ਅੰਗਰੇਜ਼ੀ, ਵਣਜ ਤੇ ਸਮਾਜ ਸ਼ਾਸਤਰ ਲਈ ਦੁਬਾਰਾ ਪ੍ਰੀਖਿਆ ਲਵੇਗਾ, ਇਨ੍ਹਾਂ ਪੇਪਰਾਂ ਵਿੱਚ ਕਈ ਗਲਤੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਅੰਗਰੇਜ਼ੀ ਅਤੇ ਵਣਜ ਦੇ ਪੇਪਰ 9 ਸਤੰਬਰ ਨੂੰ ਹੋਣਗੇ, ਜਦੋਂ ਕਿ ਸਮਾਜ ਸ਼ਾਸਤਰ ਦੀ ਪ੍ਰੀਖਿਆ 10 ਸਤੰਬਰ ਨੂੰ ਹੋਵੇਗੀ।