ਐੱਸ. ਏ. ਐੱਸ. ਨਗਰ, 21 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਓ. ਸੀ. ਟੀ. ਤੇ ਨਾਨ-ਟੀਚਿੰਗ ਕੇਡਰ ਅਤੇ ਸੀ. ਐੱਚ. ਟੀ., ਐੱਚ. ਟੀ. ਤੇ ਜੇ. ਬੀ. ਟੀ./ ਈ. ਟੀ. ਟੀ. ਕੇਡਰ ਤੋਂ ਮਾਸਟਰ ਕਾਡਰ ਦੀ ਪਦਉੱਨਤੀ ਦੇ ਚਾਹਵਾਨ ਅਧਿਆਪਕਾਂ ਨੂੰ ਆਪਣੇ ਕੇਸ 26 ਅਗਸਤ ਤੱਕ ਸੰਬੰਧਿਤ ਜ਼ਿਲ੍ਹੇ ਦੇ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਹੈ। ਇਸ ਸੰਬੰਧ ‘ਚ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸ. ਸ.) ਪੰਜਾਬ ਦੇ ਸਹਾਇਕ ਡਾਇਰੈਕਟਰ (ਪ੍ਰਮੋਸ਼ਨ ਸੈੱਲ) ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਿੱਖਿਆ ਟੀਚਿੰਗ ਕੇਡਰ ਗਰੁੱਪ (ਸੀ) ਸਰਵਿਸ ਨਿਯਮ 2018 ਅਤੇ ਇਨ੍ਹਾਂ ਵਿਚ ਸਮੇਂ-ਸਮੇਂ ‘ਤੇ ਹੋਈਆਂ ਸੋਧਾਂ ਦੀ ਰੌਸ਼ਨੀ ਵਿਚ ਸੀ. ਐੱਚ. ਟੀ., ਐੱਚ. ਟੀ. ਅਤੇ ਜੇ. ਬੀ. ਟੀ./ ਈ. ਟੀ. ਟੀ. ਕੇਡਰ ਤੋਂ ਮਾਸਟਰ ਕੇਡਰ ਦੀਆਂ ਪਦਉੱਨਤੀਆਂ ਲਈ ਕ੍ਰਮਵਾਰ 1 ਫ਼ੀਸਦੀ, 4 ਫ਼ੀਸਦੀ ਅਤੇ 14 ਫ਼ੀਸਦੀ ਕੋਟਾ ਰਾਖਵਾਂ ਰੱਖਿਆ ਗਿਆ ਹੈ ਅਤੇ ਇਨ੍ਹਾਂ ਨਿਯਮਾਂ ਤਹਿਤ ਇਸ ਕੇਡਰ ਤੋਂ ਮਾਸਟਰ ਕੇਡਰ ਦੀਆਂ 5 ਹਜ਼ਾਰ ਦੇ ਕਰੀਬ ਅਸਾਮੀਆਂ ਵਿਰੁੱਧ ਪਦਉੱਨਤੀਆਂ ਕੀਤੀਆਂ ਜਾਣੀਆਂ ਹਨ। ਇਸੇ ਤਰ੍ਹਾਂ ਓ. ਸੀ. ਟੀ. ਤੇ ਨਾਨ-ਟੀਚਿੰਗ ਕੇਡਰ ਤੋਂ ਮਾਸਟਰ ਕੇਡਰ ਦੀਆਂ ਪਦਉੱਨਤੀਆਂ ਲਈ 4 ਫ਼ੀਸਦੀ ਅਤੇ 1 ਫ਼ੀਸਦੀ ਕੋਟਾ ਰਾਖਵਾਂ ਰੱਖਿਆ ਗਿਆ ਹੈ ਅਤੇ ਉਕਤ ਨਿਯਮਾਂ ਤਹਿਤ 1500 ਦੇ ਕਰੀਬ ਅਸਾਮੀਆਂ ਵਿਰੁੱਧ ਪਦਉੱਨਤੀਆਂ ਕੀਤੀਆਂ ਜਾਣੀਆਂ ਹਨ। ਪਦਉੱਨਤੀਆਂ ਸੰਬੰਧੀ ਲੋੜੀਂਦੀ ਵਿੱਦਿਅਕ/ ਕਿੱਤਾ ਯੋਗਤਾ ਦੀ ਆਖ਼ਰੀ ਮਿਤੀ 31 ਜੁਲਾਈ 2026 ਨਿਰਧਾਰਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵਲੋਂ ਸਿਵਲ ਅਪੀਲ ਨੰ. 1385 ਆਫ਼ 2025 ਵਿਚ ਦਿੱਤੇ ਗਏ ਫ਼ੈਸਲੇ ਦੀ ਰੌਸ਼ਨੀ ਵਿਚ ਮਾਸਟਰ ਕੇਡਰ ਦੀਆਂ ਪਦਉੱਨਤੀਆਂ ਲਈ ਪੀ. ਟੈੱਟ (ਬੀ) ਪਾਸ ਹੋਣਾ ਵੀ ਲਾਜ਼ਮੀ ਹੈ। ਇਸ ਪਦਉੱਨਤੀ ਦਾ ਚਾਹਵਾਨ ਹਰੇਕ ਕਰਮਚਾਰੀ ਆਪਣਾ ਕੇਸ ਯੋਗ ਪ੍ਰਣਾਲੀ ਰਾਹੀਂ 26 ਅਗਸਤ ਤੱਕ ਸੰਬੰਧਿਤ ਜ਼ਿਲ੍ਹੇ ਦੇ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਏਗਾ। ਇਸ ਤੋਂ ਬਾਅਦ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਅ. ਸ.) ਵਲੋਂ ਨਿਰਧਾਰਤ ਸਮੇਂ ਦੇ ਅੰਦਰ ਕੇਸ ਪ੍ਰਾਪਤ ਕਰਕੇ 4 ਸਤੰਬਰ ਤੱਕ ਇਸ ਦਫ਼ਤਰ ਵਿਖੇ ਪੁੱਜਦੇ ਕਰਨੇ ਯਕੀਨੀ ਬਣਾਏ ਜਾਣਗੇ।