ਕਾਂਗਰਸ ਹਾਈਕਮਾਨ ਨੇ ਸਚਿਨ ਨੂੰ ਦਿੱਤਾ ਪੰਜਾਬ ਕਾਂਗਰਸ ਦੀ ਖਾਨਾਜੰਗੀ ਖ਼ਤਮ ਕਰਨ ਦਾ ‘ ਪਾਇਲਟ ਪ੍ਰਾਜੈਕਟ ’
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 6 ਸਤੰਬਰ-ਪੰਜਾਬ ਕਾਂਗਰਸ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਨੂੰ ਖਤਮ ਕਰਕੇ ਪਾਰਟੀ ਨੂੰ ਮੁੜ ਸਿਆਸੀ ਤੌਰ ’ਤੇ ਸਰਗਰਮ ਕਰਨ ਦੀ ਕਵਾਇਦ ਤੇਜ਼ ਹੋ ਗਈ ਹੈ। ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੀ ਸਿਆਸੀ ਸਥਿਤੀ ਨੂੰ ਲੈ ਕੇ ਹੁਣ ਜਿਸ ਤਰੀਕੇ ਨਾਲ ਸਰਗਰਮੀ ਦਿਖਾਈ ਜਾ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਪਾਰਟੀ ਸੂਬੇ ਵਿਚ ਆਪਣੇ ਸੰਗਠਨ ਨੂੰ ਸਿਰਫ਼ ਚੋਣਾਂ ਤੱਕ ਸੀਮਤ ਰੱਖਣ ਦੀ ਬਜਾਏ ਹੁਣ ਤੋਂ ਹੀ ਮੈਦਾਨੀ ਪੱਧਰ ’ਤੇ ਮਜ਼ਬੂਤ ਕਰਨ ਦੀ ਤਿਆਰੀ ਵਿਚ ਹੈ।
ਚੰਡੀਗੜ੍ਹ, 6 ਸਤੰਬਰ-ਪੰਜਾਬ ਕਾਂਗਰਸ ਵਿਚ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ ਨੂੰ ਖਤਮ ਕਰਕੇ ਪਾਰਟੀ ਨੂੰ ਮੁੜ ਸਿਆਸੀ ਤੌਰ ’ਤੇ ਸਰਗਰਮ ਕਰਨ ਦੀ ਕਵਾਇਦ ਤੇਜ਼ ਹੋ ਗਈ ਹੈ। ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੀ ਸਿਆਸੀ ਸਥਿਤੀ ਨੂੰ ਲੈ ਕੇ ਹੁਣ ਜਿਸ ਤਰੀਕੇ ਨਾਲ ਸਰਗਰਮੀ ਦਿਖਾਈ ਜਾ ਰਹੀ ਹੈ, ਉਸ ਤੋਂ ਸਪੱਸ਼ਟ ਹੈ ਕਿ ਪਾਰਟੀ ਸੂਬੇ ਵਿਚ ਆਪਣੇ ਸੰਗਠਨ ਨੂੰ ਸਿਰਫ਼ ਚੋਣਾਂ ਤੱਕ ਸੀਮਤ ਰੱਖਣ ਦੀ ਬਜਾਏ ਹੁਣ ਤੋਂ ਹੀ ਮੈਦਾਨੀ ਪੱਧਰ ’ਤੇ ਮਜ਼ਬੂਤ ਕਰਨ ਦੀ ਤਿਆਰੀ ਵਿਚ ਹੈ। ਪਾਰਟੀ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਲਈ ਪੰਜਾਬ ਦੀ ਜ਼ਿੰਮੇਵਾਰੀ ਨੂੰ ਇਕ ਤਰ੍ਹਾਂ ਨਾਲ ‘ਪਾਇਲਟ ਪ੍ਰਾਜੈਕਟ’ ਵਜੋਂ ਵੀ ਦੇਖਿਆ ਜਾ ਰਿਹਾ ਹੈ। ਸਭ ਤੋਂ ਵੱਡੀ ਚੁਣੌਤੀ ਪੰਜਾਬ ਕਾਂਗਰਸ ਅੰਦਰ ਮੌਜੂਦ ਵੱਖ-ਵੱਖ ਧੜਿਆਂ ਨੂੰ ਇਕ ਮੰਚ ’ਤੇ ਲਿਆਉਣ ਦੀ ਹੋਵੇਗੀ। ਪਾਰਟੀ ਦੇ ਆਗੂਆਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਮਤਭੇਦਾਂ ਨੇ ਕਈ ਮੌਕਿਆਂ ’ਤੇ ਜਨਤਕ ਰੂਪ ਵੀ ਧਾਰਿਆ ਹੋਇਆ ਹੈ, ਜਿਸ ਦਾ ਸਿੱਧਾ ਅਸਰ ਸੰਗਠਨ ਅਤੇ ਵਰਕਰਾਂ ਦੇ ਮਨੋਬਲ ’ਤੇ ਪੈਂਦਾ ਰਿਹਾ ਹੈ। ਹਾਈਕਮਾਨ ਦੀ ਕੋਸ਼ਿਸ਼ ਹੁਣ ਇਹ ਦੱਸੀ ਜਾ ਰਹੀ ਹੈ ਕਿ ਸੂਬੇ ਦੇ ਸੀਨੀਅਰ ਆਗੂਆਂ ਵਿਚਕਾਰ ਤਾਲਮੇਲ ਬਣਾਇਆ ਜਾਵੇ ਤੇ ਸਥਾਨਕ ਪੱਧਰ ’ਤੇ ਪਾਰਟੀ ਵਰਕਰਾਂ ਨੂੰ ਇਕ ਸਪੱਸ਼ਟ ਸਿਆਸੀ ਦਿਸ਼ਾ ਦਿੱਤੀ ਜਾਵੇ । ਇਸ ਮਾਮਲੇ ਵਿਚ ਨਵੇਂ ਇੰਚਾਰਜ ਲਈ ਸਿਰਫ਼ ਧੜੇਬੰਦੀ ਨੂੰ ਸੰਭਾਲਣਾ ਹੀ ਚੁਣੌਤੀ ਨਹੀਂ ਹੋਵੇਗੀ, ਸਗੋਂ ਹਰ ਧੜੇ ਨੂੰ ਇਹ ਭਰੋਸਾ ਦਿਵਾਉਣਾ ਵੀ ਜ਼ਰੂਰੀ ਹੋਵੇਗਾ ਕਿ ਹਾਈਕਮਾਨ ਦੀ ਨਜ਼ਰ ਵਿਚ ਸਾਰੇ ਆਗੂ ਅਤੇ ਵਰਕਰ ਬਰਾਬਰ ਮਹੱਤਵ ਰੱਖਦੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਨਾਲ ਬਾਹਰੀ ਸਿਆਸੀ ਚੁਣੌਤੀਆਂ ਵੀ ਘੱਟ ਨਹੀਂ ਹਨ। ਸੂਬੇ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਆਪੋ-ਆਪਣੇ ਸਿਆਸੀ ਮੁੱਦਿਆਂ ਨਾਲ ਜਿੱਥੇ ਅੱਗੇ ਵੱਧ ਰਹੀਆਂ ਹਨ ਉੱਥੇ ਭਵਿੱਖ ਵਿਚ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਵਿਚ ਵੀ ਰਹਿਣਗੀਆਂ ਕਿਉਂਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਪੱਖ ਵਿਚ ਆਏ ਨਤੀਜਿਆਂ ਨੇ ਕਾਂਗਰਸ ਨੂੰ ਪੰਜਾਬ ’ਚ ਇਕ ਮਜ਼ਬੂਤ ਧਿਰ ਵਜੋਂ ਦਰਸਾਇਆ ਸੀ ਜਿਸ ਨੂੰ ਵਿਰੋਧੀ ਸਿਆਸੀ ਪਾਰਟੀਆਂ ਨਜ਼ਰ ਅੰਦਾਜ਼ ਨਹੀਂ ਕਰ ਸਕਦੀਆਂ। ਅਜਿਹੇ ਹਾਲਾਤ ਵਿਚ ਨਵੇਂ ਇੰਚਾਰਜ ਦੀ ਜ਼ਿੰਮੇਵਾਰੀ ਸਿਰਫ਼ ਕਾਂਗਰਸ ਦੇ ਅੰਦਰੂਨੀ ਮਸਲੇ ਸੁਲਝਾਉਣ ਤੱਕ ਸੀਮਤ ਨਹੀਂ ਰਹੇਗੀ। ਪਾਰਟੀ ਨੂੰ ਵਿਰੋਧੀ ਧਿਰਾਂ ਦੀ ਰਣਨੀਤੀ ਦਾ ਸਿਆਸੀ ਜਵਾਬ ਦੇਣ ਲਈ ਵੀ ਇਕ ਸਪੱਸ਼ਟ ਰੋਡਮੈਪ ਤਿਆਰ ਕਰਨਾ ਪਵੇਗਾ। ਇਸ ਪੂਰੀ ਕਵਾਇਦ ਨੂੰ ਰਾਹੁਲ ਗਾਂਧੀ ਦੀ ਸੰਭਾਵਿਤ ਪੰਜਾਬ ਫੇਰੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ । ਸਿਆਸੀ ਤੌਰ ’ਤੇ ਇਸ ਦੌਰੇ ਦਾ ਸਭ ਤੋਂ ਵੱਡਾ ਮਕਸਦ ਪਾਰਟੀ ਦੇ ਅੰਦਰੂਨੀ ਮਾਹੌਲ ਨੂੰ ਸਮਝਣਾ ਅਤੇ ਹਾਈਕਮਾਨ ਤੱਕ ਸਿੱਧੀ ਫੀਡਬੈਕ ਪਹੁੰਚਾਉਣਾ ਹੋ ਸਕਦਾ ਹੈ।