ਸੋਸ਼ਲ ਮੀਡੀਆ ’ਤੇ ਬਲੈਕਮੇਲਿੰਗ ਦਾ ਖਤਰਨਾਕ ਜਾਲ, ਪੰਜਾਬ ਦੇ ਹਜ਼ਾਰਾਂ ਨੌਜਵਾਨ ਫਸੇ
ਸੰਗਰੂਰ, 17 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸੋਸ਼ਲ ਮੀਡੀਆ ਜਿੱਥੇ ਲੋਕਾਂ ਨੂੰ ਆਪਸ ’ਚ ਜੋੜਨ ਦਾ ਸਾਧਨ ਬਣਿਆ ਹੈ, ਉੱਥੇ ਹੀ ਕੁਝ ਸ਼ਰਾਰਤੀ ਅਨਸਰਾਂ ਲਈ ਇਹ ਬਲੈਕਮੇਲਿੰਗ ਤੇ ਲੁੱਟ-ਖਸੁੱਟ ਦਾ ਸਭ ਤੋਂ ਵੱਡਾ ਹਥਿਆਰ ਬਣ ਗਿਆ ਹੈ। ਪੰਜਾਬ ’ਚ ਅੱਜਕੱਲ੍ਹ ਇੱਕ ਨਵਾਂ ਗਰੋਹ ਸਰਗਰਮ ਹੋਇਆ ਹੈ, ਜੋ ਸੋਸ਼ਲ ਮੀਡੀਆ ’ਤੇ ਲੜਕੀਆਂ ਦੀਆਂ ਫਰਜ਼ੀ ਖਾਤੇ ਬਣਾ ਕੇ ਨੌਜਵਾਨ ਲੜਕਿਆਂ ਨੂੰ ਆਪਣੇ ਜਾਲ ’ਚ ਫਸਾ ਰਿਹਾ ਹੈ।
ਸੰਗਰੂਰ, 17 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸੋਸ਼ਲ ਮੀਡੀਆ ਜਿੱਥੇ ਲੋਕਾਂ ਨੂੰ ਆਪਸ ’ਚ ਜੋੜਨ ਦਾ ਸਾਧਨ ਬਣਿਆ ਹੈ, ਉੱਥੇ ਹੀ ਕੁਝ ਸ਼ਰਾਰਤੀ ਅਨਸਰਾਂ ਲਈ ਇਹ ਬਲੈਕਮੇਲਿੰਗ ਤੇ ਲੁੱਟ-ਖਸੁੱਟ ਦਾ ਸਭ ਤੋਂ ਵੱਡਾ ਹਥਿਆਰ ਬਣ ਗਿਆ ਹੈ। ਪੰਜਾਬ ’ਚ ਅੱਜਕੱਲ੍ਹ ਇੱਕ ਨਵਾਂ ਗਰੋਹ ਸਰਗਰਮ ਹੋਇਆ ਹੈ, ਜੋ ਸੋਸ਼ਲ ਮੀਡੀਆ ’ਤੇ ਲੜਕੀਆਂ ਦੀਆਂ ਫਰਜ਼ੀ ਖਾਤੇ ਬਣਾ ਕੇ ਨੌਜਵਾਨ ਲੜਕਿਆਂ ਨੂੰ ਆਪਣੇ ਜਾਲ ’ਚ ਫਸਾ ਰਿਹਾ ਹੈ। ਇਸ ਗਰੋਹ ਦਾ ਤਰੀਕਾ ਬਹੁਤ ਹੀ ਸੋਚਿਆ ਸਮਝਿਆ ਹੁੰਦਾ ਹੈ। ਪਹਿਲਾਂ ਇੰਸਟਾਗ੍ਰਾਮ, ਫੇਸਬੁੱਕ ਤੇ ਸਨੈਪਚੈਟ ’ਤੇ ਸੋਹਣੀਆਂ ਕੁੜੀਆਂ ਦੀਆਂ ਫੋਟੋਆਂ ਲਗਾ ਕੇ ਫਰਜ਼ੀ ਆਈ. ਡੀ. ਬਣਾਈ ਜਾਂਦੀ ਹੈ। ਫਿਰ ਪੰਜਾਬ ਦੇ ਨੌਜਵਾਨਾਂ ਨੂੰ ਫਰੈਂਡ ਰਿਕੁਐਸਟ ਤੇ ਮੈਸੇਜ ਭੇਜੇ ਜਾਂਦੇ ਹਨ ਤੇ ਨੌਜਵਾਨ ਜਲਦੀ ਹੀ ਇਨ੍ਹਾਂ ਗੱਲਾਂ ’ਚ ਆ ਜਾਂਦੇ ਹਨ । ਅਸਲੀ ਖੇਡ ਤਾਂ ਮਿਲਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਜਿਵੇਂ ਹੀ ਲੜਕਾ ਮਿਲਣ ਜਾਂਦਾ ਹੈ, ਉੱਥੇ ਪਹਿਲਾਂ ਤੋਂ ਹੀ 3-4 ਮੁੰਡੇ ਅਤੇ ਕਈ ਵਾਰ ਉਹ ਕੁੜੀ ਦੇ ਭਰਾ ਜਾਂ ਪਤੀ ਬਣ ਕੇ ਖੜ੍ਹੇ ਹੁੰਦੇ ਹਨ। ਕਈ ਮਾਮਲਿਆਂ ’ਚ ਕਮਰੇ ’ਚ ਪਹਿਲਾਂ ਤੋਂ ਹੀ ਕੈਮਰੇ ਲੱਗੇ ਹੁੰਦੇ ਹਨ ਅਤੇ ਇਤਰਾਜ਼ਯੋਗ ਹਾਲਤ ’ਚ ਵੀਡੀਓ ਬਣਾ ਲਈ ਜਾਂਦੀ ਹੈ। ਫਿਰ ਉਸ ਮੁੰਡੇ ਨੂੰ ਧਮਕਾਇਆ ਜਾਂਦਾ ਹੈ। ਇਸ ਡਰ ’ਚ ਆ ਕੇ ਨੌਜਵਾਨ ਜੋ ਵੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਸ਼ੁਰੂਆਤ 10-20 ਹਜ਼ਾਰ ਤੋਂ ਹੁੰਦੀ ਹੈ ਤੇ ਫਿਰ ਇਹ ਬਲੈਕਮੇਲਿੰਗ ਲੱਖਾਂ ਰੁਪਏ ਤੱਕ ਪਹੁੰਚ ਜਾਂਦੀ ਹੈ। ਇਹ ਕੋਈ ਇੱਕ-ਦੋ ਘਟਨਾਵਾਂ ਨਹੀਂ ਹਨ। ਪੰਜਾਬ ਦੇ ਹਰ ਜ਼ਿਲ੍ਹੇ ’ਚ ਅਜਿਹੇ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਹਨ । ਕਈ ਨੌਜਵਾਨਾਂ ਨੇ ਇਸ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਗਲਤ ਕਦਮ ਵੀ ਚੁੱਕੇ ਹਨ, ਜਦਕਿ ਕਈ ਆਪਣੀ ਜਮ੍ਹਾ-ਪੂੰਜੀ ਗਵਾ ਬੈਠੇ ਹਨ। ਇੱਕ ਪੀੜਤ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਮੈਨੂੰ ਇੰਸਟਾਗ੍ਰਾਮ ’ਤੇ ਇੱਕ ਕੁੜੀ ਦਾ ਮੈਸੇਜ ਆਇਆ। ਹੌਲੀ-ਹੌਲੀ ਗੱਲਬਾਤ ਵਧ ਗਈ। ਉਸ ਨੇ ਮੈਨੂੰ ਪੰਜਾਬ ਦੇ ਇੱਕ ਵੱਡੇ ਸ਼ਹਿਰ ਦੇ ਇੱਕ ਹੋਟਲ ’ਚ ਬੁਲਾਇਆ। ਜਦੋਂ ਮੈਂ ਉੱਥੇ ਗਿਆ ਤਾਂ 4 ਮੁੰਡਿਆਂ ਨੇ ਮੈਨੂੰ ਘੇਰ ਲਿਆ ਅਤੇ ਮੇਰੀ ਵੀਡੀਓ ਬਣਾ ਲਈ । ਉਨ੍ਹਾਂ ਨੇ ਮੇਰੇ ਤੋਂ 2 ਲੱਖ ਰੁਪਏ ਲੈ ਲਏ ਅਤੇ ਹੁਣ ਵੀ ਹੋਰ ਪੈਸੇ ਮੰਗ ਰਹੇ ਹਨ। ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ। ਇਸ ਸਬੰਧੀ ਜਦੋਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ‘ਹਨੀਟਰੈਪ’ ਦਾ ਨਵਾਂ ਰੂਪ ਹੈ। ਇਹ ਗਰੋਹ ਬਹੁਤ ਹੀ ਸ਼ਾਤਰ ਹਨ। ਉਹ ਸਿਮ ਅਤੇ ਬੈਂਕ ਖਾਤੇ ਵੀ ਫਰਜ਼ੀ ਨਾਵਾਂ ’ਤੇ ਵਰਤਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਣਜਾਣ ਆਈ.ਡੀ. ਤੋਂ ਆਏ ਮੈਸੇਜਾਂ ’ਤੇ ਭਰੋਸਾ ਨਾ ਕਰਨ ਤੇ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਬਿਨਾਂ ਡਰੇ ਤੁਰੰਤ ਸਾਈਬਰ ਕ੍ਰਾਈਮ ਸੈੱਲ 1930 ’ਤੇ ਸ਼ਿਕਾਇਤ ਦਰਜ ਕਰਵਾਉਣ।