ਨਿੱਜੀ ਵਾਹਨਾਂ ’ਤੇ ‘ਪੰਜਾਬ ਸਰਕਾਰ’ ਲਿਖਣ ਦਾ ਰੁਝਾਨ ਬਣਿਆ ਸਵਾਲਾਂ ਦੇ ਘੇਰੇ ’ਚ
ਸੰਦੌੜ, 17 ਸਤੰਬਰ (ਜਸਵੀਰ ਸਿੰਘ ਜੱਸੀ) -ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਵਿਚ ਨਿੱਜੀ ਗੱਡੀਆਂ ’ਤੇ ‘ਪੰਜਾਬ ਸਰਕਾਰ’ ਲਿਖ ਕੇ ਅਤੇ ਆਰਜ਼ੀ ਨੰਬਰ ਪਲੇਟਾਂ ਨਾਲ ਘੁੰਮ ਰਹੇ ਕੁਝ ਵਾਹਨ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਵਾਹਨਾਂ ’ਤੇ ਸਰਕਾਰੀ ਪਛਾਣ ਦਰਸਾਉਂਦੇ ਸ਼ਬਦ ਤੇ ਲੋਗੋ ਆਦਿ ਲੱਗੇ ਹੋਣ ਕਾਰਨ ਲੋਕਾਂ ਵਲੋਂ ਇਨ੍ਹਾਂ ਦੀ ਮਾਲਕੀ, ਰਜਿਸਟ੍ਰੇਸ਼ਨ ਤੇ ਅਜਿਹੀ ਪਛਾਣ ਦੀ ਵਰਤੋਂ ਸਬੰਧੀ ਸਵਾਲ ਉਠਾਏ ਜਾ ਰਹੇ ਹਨ।
ਸੰਦੌੜ, 17 ਸਤੰਬਰ (ਜਸਵੀਰ ਸਿੰਘ ਜੱਸੀ) -ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਵਿਚ ਨਿੱਜੀ ਗੱਡੀਆਂ ’ਤੇ ‘ਪੰਜਾਬ ਸਰਕਾਰ’ ਲਿਖ ਕੇ ਅਤੇ ਆਰਜ਼ੀ ਨੰਬਰ ਪਲੇਟਾਂ ਨਾਲ ਘੁੰਮ ਰਹੇ ਕੁਝ ਵਾਹਨ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਵਾਹਨਾਂ ’ਤੇ ਸਰਕਾਰੀ ਪਛਾਣ ਦਰਸਾਉਂਦੇ ਸ਼ਬਦ ਤੇ ਲੋਗੋ ਆਦਿ ਲੱਗੇ ਹੋਣ ਕਾਰਨ ਲੋਕਾਂ ਵਲੋਂ ਇਨ੍ਹਾਂ ਦੀ ਮਾਲਕੀ, ਰਜਿਸਟ੍ਰੇਸ਼ਨ ਤੇ ਅਜਿਹੀ ਪਛਾਣ ਦੀ ਵਰਤੋਂ ਸਬੰਧੀ ਸਵਾਲ ਉਠਾਏ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਾਹਨ ਨਿੱਜੀ ਮਾਲਕੀ ਵਾਲਾ ਹੈ ਤਾਂ ਉਸ ’ਤੇ ‘ਪੰਜਾਬ ਸਰਕਾਰ’ ਲਿਖਣ ਜਾਂ ਸਰਕਾਰੀ ਪਛਾਣ ਦਰਸਾਉਣ ਦਾ ਅਧਿਕਾਰ ਕਿਸ ਨਿਯਮ ਤਹਿਤ ਹੈ, ਇਸ ਦੀ ਪ੍ਰਸ਼ਾਸਨ ਵਲੋਂ ਜਾਂਚ ਹੋਣੀ ਚਾਹੀਦੀ ਹੈ । ਲੋਕਾਂ ਨੇ ਮੰਗ ਕੀਤੀ ਹੈ ਕਿ ਸਿਰਫ਼ ਇੱਕ-ਦੋ ਵਾਹਨਾਂ ਦੀ ਬਜਾਏ ਜ਼ਿਲ੍ਹਾ ਮਲੇਰਕੋਟਲਾ ਵਿਚ ਛੋਟੀਆਂ-ਵੱਡੀਆਂ ਸਾਰੀਆਂ ਅਜਿਹੀਆਂ ਗੱਡੀਆਂ ਦੀ ਪੜਤਾਲ ਕੀਤੀ ਜਾਵੇ। ਲੋਕਾਂ ਵਿਚ ਚੱਲ ਰਹੀ ਖੁੰਡ ਚਰਚਾ ਨੇ ਇਹ ਸ਼ੰਕਾ ਵੀ ਜ਼ਾਹਰ ਕੀਤੀ ਹੈ ਕਿ ਜੇਕਰ ਨਿੱਜੀ ਵਾਹਨਾਂ ਨੂੰ ਸਰਕਾਰੀ ਪਛਾਣ ਦੇਣ ਵਾਲੇ ਨਾਮ ਜਾਂ ਲੋਗੋ ਨਾਲ ਚਲਾਇਆ ਜਾ ਰਿਹਾ ਹੈ ਤਾਂ ਇਸ ਦਾ ਗਲਤ ਫਾਇਦਾ ਉਠਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਅਜਿਹੀਆਂ ਗੱਡੀਆਂ ਰਾਹੀਂ ਨਸ਼ਿਆਂ ਦੀ ਸਪਲਾਈ ਕੀਤੇ ਜਾਣ ਦੀ ਸੰਭਾਵਨਾ ਸਬੰਧੀ ਵੀ ਜਾਂਚ ਹੋਣੀ ਚਾਹੀਦੀ ਹੈ। ਹਲਕੇ ਦੇ ਮੋਹਤਵਰ ਆਗੂਆਂ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨਾਂ ਦੀ ਰਜਿਸਟ੍ਰੇਸ਼ਨ, ਮਾਲਕੀ, ਆਰਜ਼ੀ ਨੰਬਰ ਪਲੇਟਾਂ ਅਤੇ ਉਨ੍ਹਾਂ ’ਤੇ ਲਿਖੇ ‘ਪੰਜਾਬ ਸਰਕਾਰ’ ਦੇ ਨਾਂਅ ਦੀ ਕਾਨੂੰਨੀ ਸਥਿਤੀ ਦੀ ਜਾਂਚ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਮਾਲੇਰਕੋਟਲਾ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਲੋਕਾਂ ਵਲੋਂ ਉਠਾਏ ਇਸ ਮਾਮਲੇ ’ਤੇ ਕੀ ਕਾਰਵਾਈ ਕਰਦੇ ਹਨ। ਇਸ ਸਬੰਧੀ ਮਲੇਰਕੋਟਲਾ ਨਾਲ ਸੰਬੰਧਿਤ ਆਰ.ਟੀ.ਓ. ਕਰਨਵੀਰ ਸਿੰਘ ਅਤੇ ਐਸ.ਪੀ. ਰਮਨਦੀਪ ਸਿੰਘ ਭੁੱਲਰ ਦਾ ਪੱਖ ਜਾਣਨ ਲਈ ਉਨ੍ਹਾਂ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।