ਸਚਿਨ ਪਾਇਲਟ ਨੇ ਘੜਿਆ ‘ ਮਿਸ਼ਨ 2027’ ਦਾ ਖ਼ਾਕਾ , ਵਿਰੋਧੀ ਧਿਰਾਂ ਦੇ ਨਾਰਾਜ਼ ਆਗੂਆਂ ’ ਤੇ ਕਾਂਗਰਸ ਦੀ ਨਜ਼ਰ !
ਚੰਡੀਗੜ੍ਹ, 19 ਸਤੰਬਰ- ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਸੂਬੇ ਵਿਚ ਪਾਰਟੀ ਨੂੰ ਮੁੜ ਇਕਜੁੱਟ ਤੇ ਤਕੜਾ ਕਰਨ ਲਈ ਆਪਣੀ ਰਣਨੀਤੀ ’ਤੇ ਕੰਮ ਤੇਜ਼ ਕਰ ਦਿੱਤਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨ ਦੇ ਨਾਲ-ਨਾਲ ਹੋਰ ਸਿਆਸੀ ਪਾਰਟੀਆਂ ਵਿਚ ਸਰਗਰਮ ਪਰ ਅਸੰਤੁਸ਼ਟ ਆਗੂਆਂ ਅਤੇ ਨਵੀਂ ਪੀੜ੍ਹੀ ਦੇ ਸੰਭਾਵੀ ਚਿਹਰਿਆਂ ਬਾਰੇ ਵੀ ਜਾਣਕਾਰੀ ਇਕੱਠੀ ਕਰਨ ਦੀ ਕਵਾਇਦ ਚੱਲ ਰਹੀ ਹੈ ।
ਚੰਡੀਗੜ੍ਹ, 19 ਸਤੰਬਰ- ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਸੂਬੇ ਵਿਚ ਪਾਰਟੀ ਨੂੰ ਮੁੜ ਇਕਜੁੱਟ ਤੇ ਤਕੜਾ ਕਰਨ ਲਈ ਆਪਣੀ ਰਣਨੀਤੀ ’ਤੇ ਕੰਮ ਤੇਜ਼ ਕਰ ਦਿੱਤਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ ਤੱਕ ਮਜ਼ਬੂਤ ਕਰਨ ਦੇ ਨਾਲ-ਨਾਲ ਹੋਰ ਸਿਆਸੀ ਪਾਰਟੀਆਂ ਵਿਚ ਸਰਗਰਮ ਪਰ ਅਸੰਤੁਸ਼ਟ ਆਗੂਆਂ ਅਤੇ ਨਵੀਂ ਪੀੜ੍ਹੀ ਦੇ ਸੰਭਾਵੀ ਚਿਹਰਿਆਂ ਬਾਰੇ ਵੀ ਜਾਣਕਾਰੀ ਇਕੱਠੀ ਕਰਨ ਦੀ ਕਵਾਇਦ ਚੱਲ ਰਹੀ ਹੈ । ਪਾਰਟੀ ਨਾਲ ਜੁੜੇ ਉੱਚ ਪੱਧਰੀ ਸੂਤਰਾਂ ਮੁਤਾਬਿਕ ਪਾਇਲਟ ਦੀ ਰਣਨੀਤੀ ਸਿਰਫ਼ ਮੌਜੂਦਾ ਕਾਂਗਰਸੀ ਢਾਂਚੇ ਦੀ ਸਮੀਖਿਆ ਤੱਕ ਸੀਮਿਤ ਨਹੀਂ ਰਹੇਗੀ । ਸੂਬੇ ਦੀ ਸਿਆਸੀ ਜ਼ਮੀਨ ’ਤੇ ਪ੍ਰਭਾਵ ਰੱਖਣ ਵਾਲੇ ਉਨ੍ਹਾਂ ਆਗੂਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ, ਜੋ ਆਪਣੀਆਂ ਮੌਜੂਦਾ ਪਾਰਟੀਆਂ ਦੀ ਕਾਰਗੁਜ਼ਾਰੀ ਜਾਂ ਸਿਆਸੀ ਫ਼ੈਸਲਿਆਂ ਤੋਂ ਨਾਖ਼ੁਸ਼ ਦੱਸੇ ਜਾਂਦੇ ਹਨ। ਇਸ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਆਗੂਆਂ ਬਾਰੇ ਵੀ ਜਾਣਕਾਰੀ ਇਕੱਠੀ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਪਾਇਲਟ ਦੀ ਟੀਮ ਵਲੋਂ ਸੂਬਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਅਤੇ ਹਲਕਾ ਪੱਧਰ ਤੱਕ ਕਾਂਗਰਸ ਦੇ ਸੰਗਠਨ ਦੀ ਕਾਰਗੁਜ਼ਾਰੀ ਦਾ ਵਿਸਥਾਰਤ ਜਾਇਜ਼ਾ ਲਿਆ ਜਾ ਰਿਹਾ ਹੈ । ਪਾਇਲਟ ਦੇ ਸਾਹਮਣੇ ਪੰਜਾਬ ਕਾਂਗਰਸ ਨੂੰ ਇਕਜੁੱਟ ਰੱਖਣਾ ਵੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਆਗੂਆਂ ਦੇ ਵੱਖ-ਵੱਖ ਧੜਿਆਂ ਵਿਚਕਾਰ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ ਸਨ । ਪਰ ਸਚਿਨ ਪਾਇਲਟ ਵਲੋਂ ਆਪਣੇ ਪਹਿਲੇ ਹੀ ਦੌਰੇ ਦੌਰਾਨ ਧੜਿਆਂ ’ਚ ਵੰਡੇ ਸਾਰੇ ਸੀਨੀਅਰ ਆਗੂਆਂ ਨੂੰ ਇਕ ਮੰਚ ਉੱਤੇ ਇਕੱਠਾ ਕਰ ਦਿਖਾਇਆ ਅਤੇ ਆਪਣੀ ਪਹਿਲੀ ਅਗਨੀ ਪ੍ਰੀਖਿਆ ’ਚ ਪਾਸ ਹੋਣ ਤੋਂ ਬਾਅਦ ਸਚਿਨ ਪਾਇਲਟ ਵਲੋਂ ਅਗਲੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਰਣਨੀਤੀ ਦਾ ਇਕ ਅਹਿਮ ਹਿੱਸਾ ਦੂਜੀ ਕਤਾਰ ਦੇ ਨੌਜਵਾਨ ਆਗੂਆਂ ਦੀ ਪਛਾਣ ਕਰਨਾ ਦੱਸਿਆ ਜਾ ਰਿਹਾ ਹੈ । ਸਥਾਨਕ ਪੱਧਰ ’ਤੇ ਸਰਗਰਮ, ਲੋਕਾਂ ਵਿਚ ਪਹੁੰਚ ਰੱਖਣ ਵਾਲੇ ਅਤੇ ਆਪਣੇ ਇਲਾਕੇ ਵਿਚ ਸੰਗਠਨ ਖੜ੍ਹਾ ਕਰਨ ਦੀ ਸਮਰਥਾ ਰੱਖਣ ਵਾਲੇ ਨੌਜਵਾਨ ਆਗੂਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ । ਇਸ ਦਾ ਮਕਸਦ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਸਿਰਫ਼ ਰਵਾਇਤੀ ਚਿਹਰਿਆਂ ’ਤੇ ਨਿਰਭਰ ਰੱਖਣ ਦੀ ਬਜਾਏ ਨਵੀਂ ਲੀਡਰਸ਼ਿਪ ਲਈ ਵੀ ਸਪੇਸ ਤਿਆਰ ਕਰਨਾ ਹੋ ਸਕਦਾ ਹੈ। ਪੰਜਾਬ ਦਾ ਇੰਚਾਰਜ ਬਣਨ ਤੋਂ ਬਾਅਦ ਪਾਇਲਟ ਦੀ ਪਹਿਲੀ ਫੇਰੀ ਦੌਰਾਨ 15 ਸਤੰਬਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਵਿਚ ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਨਾਲ ਸਬੰਧਿਤ ਆਗੂ ਇਕੱਠੇ ਨਜ਼ਰ ਆਏ। ਇਸ ਵਿਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਿਲ ਸਨ। ਇਸ ਨੂੰ ਪਾਰਟੀ ਦੇ ਅੰਦਰ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਵਜੋਂ ਰਿਪੋਰਟ ਕੀਤਾ ਗਿਆ ਹੈ । ਪਾਇਲਟ ਦੀ ਪੰਜਾਬ ਐਂਟਰੀ ਤੋਂ ਬਾਅਦ ਕਾਂਗਰਸ ਦਾ ਫੋਕਸ ਹੁਣ ਸਿਰਫ਼ ਬਿਆਨਬਾਜ਼ੀ ’ਤੇ ਨਹੀਂ, ਸਗੋਂ ਸੰਗਠਨ ਦੀ ਮੈਪਿੰਗ, ਪਾਰਟੀ ਪ੍ਰਤੀ ਇਮਾਨਦਾਰ ਆਗੂਆਂ ਦੀ ਪਛਾਣ, ਨਵੇਂ ਨੌਜਵਾਨ ਚਿਹਰਿਆਂ ਦੀ ਭਾਲ ਅਤੇ 2027 ਲਈ ਜ਼ਮੀਨੀ ਢਾਂਚਾ ਤਿਆਰ ਕਰਨ ਵੱਲ ਵਧਦਾ ਦਿਖਾਈ ਦੇ ਰਿਹਾ ਹੈ।