ਕਾਲੇ ਰੰਗ ਨੇ ਪੁਆੜੇ ਪਾਏ ... ਰੋਸ ਦੇ ਪ੍ਰਤੀਕ ਤੋਂ ਬਾਅਦ ਵਿਰੋਧ ਦੀ ਪਛਾਣ ਬਣਿਆ ਕਾਲਾ ਰੰਗ
ਜਗਰਾਉਂ, 21 ਸਤੰਬਰ (ਗੁਰਦੀਪ ਸਿੰਘ ਮਲਕ)-ਕਦੇ ਨੌਜਵਾਨੀ ਦੇ ਸ਼ੌਂਕ, ਸਾਦਗੀ ਅਤੇ ਪਹਿਰਾਵੇ ਦੀ ਖੂਬਸੂਰਤੀ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਕਾਲਾ ਰੰਗ ਹੁਣ ਰੈਲੀਆਂ ਅਤੇ ਜਨਤਕ ਇਕੱਠਾਂ ਵਿਚ ਵਿਰੋਧ ਦੀ ਪਛਾਣ ਬਣਦਾ ਜਾ ਰਿਹਾ ਹੈ। ਸਿਆਸੀ ਤੇ ਸਮਾਜਿਕ ਰੋਸ ਪ੍ਰਗਟਾਉਣ ਲਈ ਕਾਲੀਆਂ ਝੰਡੀਆਂ ਦੀ ਵਰਤੋਂ ਪੁਰਾਣੀ ਗੱਲ ਹੈ ਪਰ ਹੁਣ ਕਈ ਰੈਲੀਆਂ ਵਿਚ ਕਾਲੇ ਰੰਗ ਨੂੰ ਲੈ ਕੇ ਅਜਿਹੀ ਸਾਵਧਾਨੀ ਵਰਤੀ ਜਾ ਰਹੀ ਹੈ ਕਿ ਕਾਲੀ ਪੱਗ, ਕਾਲੀ ਕਮੀਜ਼ ਜਾਂ ਕਾਲੇ ਕੱਪੜੇ ਦਾ ਛੋਟਾ ਜਿਹਾ ਟੁਕੜਾ ਵੀ ਸੁਰੱਖਿਆ ਪ੍ਰਬੰਧਾਂ ਦੀ ਕਰੜੀ ਨਜ਼ਰ ਹੇਠ ਹੈ।
ਜਗਰਾਉਂ, 21 ਸਤੰਬਰ (ਗੁਰਦੀਪ ਸਿੰਘ ਮਲਕ)-ਕਦੇ ਨੌਜਵਾਨੀ ਦੇ ਸ਼ੌਂਕ, ਸਾਦਗੀ ਅਤੇ ਪਹਿਰਾਵੇ ਦੀ ਖੂਬਸੂਰਤੀ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਕਾਲਾ ਰੰਗ ਹੁਣ ਰੈਲੀਆਂ ਅਤੇ ਜਨਤਕ ਇਕੱਠਾਂ ਵਿਚ ਵਿਰੋਧ ਦੀ ਪਛਾਣ ਬਣਦਾ ਜਾ ਰਿਹਾ ਹੈ। ਸਿਆਸੀ ਤੇ ਸਮਾਜਿਕ ਰੋਸ ਪ੍ਰਗਟਾਉਣ ਲਈ ਕਾਲੀਆਂ ਝੰਡੀਆਂ ਦੀ ਵਰਤੋਂ ਪੁਰਾਣੀ ਗੱਲ ਹੈ ਪਰ ਹੁਣ ਕਈ ਰੈਲੀਆਂ ਵਿਚ ਕਾਲੇ ਰੰਗ ਨੂੰ ਲੈ ਕੇ ਅਜਿਹੀ ਸਾਵਧਾਨੀ ਵਰਤੀ ਜਾ ਰਹੀ ਹੈ ਕਿ ਕਾਲੀ ਪੱਗ, ਕਾਲੀ ਕਮੀਜ਼ ਜਾਂ ਕਾਲੇ ਕੱਪੜੇ ਦਾ ਛੋਟਾ ਜਿਹਾ ਟੁਕੜਾ ਵੀ ਸੁਰੱਖਿਆ ਪ੍ਰਬੰਧਾਂ ਦੀ ਕਰੜੀ ਨਜ਼ਰ ਹੇਠ ਹੈ। ਰੈਲੀਆਂ ਵਾਲੀਆਂ ਥਾਵਾਂ ’ਤੇ ਸੁਰੱਖਿਆ ਜਾਂਚ ਦੌਰਾਨ ਕਈ ਵਾਰ ਕਾਲੀਆਂ ਝੰਡੀਆਂ ਜਾਂ ਹੋਰ ਵਿਰੋਧੀ ਸਮੱਗਰੀ ਅੰਦਰ ਲਿਜਾਣ ਤੋਂ ਰੋਕਿਆ ਜਾਂਦਾ ਹੈ। ਇਸ ਦੇ ਨਾਲ ਹੀ ਕਾਲੇ ਕੱਪੜੇ ਪਹਿਨ ਕੇ ਆਉਣ ਵਾਲਿਆਂ ਨੂੰ ਵੀ ਪੁੱਛਗਿੱਛ ਜਾਂ ਤਲਾਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਤੱਕ ਕਾਲਾ ਕੁੜਤਾ-ਪਜਾਮਾ ਨੌਜਵਾਨਾਂ ਦੇ ਪਹਿਰਾਵੇ ਦਾ ਮਸ਼ਹੂਰ ਅਤੇ ਪ੍ਰਵਾਨਿਤ ਹਿੱਸਾ ਸੀ, ਪਰ ਵਿਰੋਧ ਦੇ ਪ੍ਰਤੀਕ ਵਜੋਂ ਕਾਲੇ ਰੰਗ ਦੀ ਵਧ ਰਹੀ ਵਰਤੋਂ ਨੇ ਇਸ ਰੰਗ ਨਾਲ ਜੁੜੇ ਸਮਾਜਿਕ ਪ੍ਰਭਾਵ ਨੂੰ ਵੀ ਬਦਲਿਆ ਹੈ। ਕੁਝ ਲੋਕ ਹੁਣ ਰੈਲੀਆਂ ਜਾਂ ਵੱਡੇ ਸਿਆਸੀ ਸਮਾਗਮਾਂ ਵਿਚ ਜਾਣ ਸਮੇਂ ਕਾਲੇ ਕੱਪੜੇ ਪਹਿਨਣ ਤੋਂ ਗੁਰੇਜ਼ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਪਹਿਰਾਵੇ ਨੂੰ ਕਿਸੇ ਵਿਰੋਧ ਨਾਲ ਨਾ ਜੋੜਿਆ ਜਾਵੇ। ਕੱਪੜਾ ਵਪਾਰ ਨਾਲ ਜੁੜੇ ਦੁਕਾਨਦਾਰਾਂ ਮੁਤਾਬਕ ਕਾਲੇ ਰੰਗ ਦੀਆਂ ਪੱਗਾਂ, ਕਮੀਜ਼ਾਂ ਅਤੇ ਕੁੜਤੇ-ਪਜਾਮਿਆਂ ਲਈ ਵਰਤੇ ਜਾਣ ਵਾਲੇ ਕੱਪੜੇ ਦੀ ਵਿਕਰੀ ਵਿਚ ਪਹਿਲਾਂ ਦੇ ਮੁਕਾਬਲੇ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਕਾਲੇ ਰੰਗ ਦੀ ਆਪਣੀ ਸੱਭਿਆਚਾਰਕ ਅਤੇ ਪਹਿਰਾਵੇ ਵਾਲੀ ਪਛਾਣ ਰਹੀ ਹੈ, ਪਰ ਸਿਆਸੀ ਤੇ ਸਮਾਜਿਕ ਵਿਰੋਧਾਂ ਵਿਚ ਇਸ ਦੀ ਵਰਤੋਂ ਨੇ ਇਸ ਨੂੰ ਰੋਸ ਦੇ ਪ੍ਰਤੀਕ ਵਜੋਂ ਹੋਰ ਮਜ਼ਬੂਤ ਕੀਤਾ ਹੈ। ਕਦੇ ਨੌਜਵਾਨਾਂ ਦੀ ਪਸੰਦ ਅਤੇ ਫੈਸ਼ਨ ਦਾ ਹਿੱਸਾ ਰਿਹਾ ਕਾਲਾ ਰੰਗ ਹੁਣ ਕਈ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਕਰੜੀ ਨਜ਼ਰ ਹੇਠ ਹੈ।