ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਅੱਜ
ਲੁਧਿਆਣਾ, 27 ਸਤੰਬਰ (ਡਾ: ਤਰਲੋਚਨ ਸਿੰਘ)-ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ’ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ 28 ਸਤੰਬਰ ਦਿਨ ਸੋਮਵਾਰ (ਅੱਜ) ਸ਼ਾਮ ਨੂੰ 3 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ । ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਲੁਧਿਆਣਾ, 27 ਸਤੰਬਰ (ਡਾ: ਤਰਲੋਚਨ ਸਿੰਘ)-ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ’ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ 28 ਸਤੰਬਰ ਦਿਨ ਸੋਮਵਾਰ (ਅੱਜ) ਸ਼ਾਮ ਨੂੰ 3 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ । ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਮੌਕੇ ਸਾਰੇ ਵਿਧਾਇਕ ਤੇ ਪੰਜਾਬ ਭਰ ਤੋਂ ਲੋਕ ਸ਼ਾਮਿਲ ਹੋਣਗੇ। ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਪਹੁੰਚੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਸੱਭਿਆਚਾਰ, ਸੰਗੀਤ ਤੇ ਸ਼ਹੀਦ ਸਾਰੀਆਂ ਦੁਨੀਆਂ ਵਿਚ ਜਾਣੇ ਜਾਂਦੇ ਹਨ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਹੋ ਰਹੇ ਇਸ ਸਮਾਗਮ ਵਿਚ ਇਕ ਨਾਟਕ ‘ਗਗਨ ਦਮਾਮਾ ਬਾਜਿਓਂ’ ਵੀ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਗਮ ’ਚ ਪੰਜਾਬ ਦੇ ਪ੍ਰਸਿੱਧ ਗਾਇਕ ਬਸੰਤ ਕੌਰ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਪਰੀ ਪੰਧੇਰ ਤੋਂ ਇਲਾਵਾ ਢਾਡੀ ਸਿੰਘ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ’ਚ ਸੂਬੇ ਭਰ ਤੋਂ ਲੋਕ ਇਹ ਸਮਾਗਮ ਵਿਚ ਪਹੁੰਚਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਉਪਰ ਨਸ਼ੇੜੀ ਦਾ ਧੱਬਾ ਲੱਗ ਗਿਆ ਸੀ, ਜਿਸਨੂੰ ਪੰਜਾਬ ਸਰਕਾਰ ਕੇ ਧੋਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਕਰਵਾਈਆਂ ਗਈਆਂ ਮੈਰਾਥਨ ਦੌੜਾਂ ਵਿਚ 25-25 ਹਜ਼ਾਰ ਨੌਜਵਾਨਾਂ ਨੇ ਹਿੱਸਾ ਲੈ ਕੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਹੁਣ ਨਸ਼ੇੜੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ‘ਆਪ’ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ ਗਈ ਸੀ, ਜਿਸ ਨਾਲ ਅਨੇਕਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿਚ ਧਸਣ ਤੋਂ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਪੰਜਾਬ ਨੂੰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਕਰਵਾਉਣ ਦਾ ਮੌਕਾ ਮਿਲਿਆ ਹੈ, ਜੋ ਮੁਹਾਲੀ ਅਤੇ ਜਲੰਧਰ ਵਿਚ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਕਦੇ ਵੀ ਪੰਜਾਬ ਵਿਚ ਅੰਤਰਰਾਸ਼ਟਰੀ ਟੂਰਨਾਮੈਂਟ ਨਹੀਂ ਖੇਡਿਆ ਗਿਆ, ਜੋ ‘ਆਪ’ ਸਰਕਾਰ ਦੇ ਰਾਜ ਵਿਚ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ‘ਰੰਗਲਾ ਪੰਜਾਬ’, ‘ ਗਾਊਂਦਾ ਪੰਜਾਬ’ ਤੇ ‘ਨੱਚਦਾ ਪੰਜਾਬ’ ਸੀ ਇਹ ਵਾਪਸ ਆਵੇ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਸੀ, ਜੋ ਪੂਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੂਰੇ ਪੰਜਾਬ ਵਿਚ 3100 ਖੇਡ ਮੈਦਾਨ ਵਿਕਸਤ ਕੀਤੇ ਹਨ, ਜਿਨਾਂ ਵਿਚੋਂ ਲੱਗਭਗ 750 ਦਾ ਕੰਮ ਪੂਰਾ ਹੋ ਚੁੱਕਾ ਹੈ, ਜਦ ਕਿ ਬਾਕੀ ਮੈਦਾਨਾਂ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਪਾਣੀ ਜੋ ਹੇਠਾਂ ਜਾ ਰਿਹਾ ਸੀ, ਉਹ ਹੁਣ ਉਪਰ ਆਉਣਾ ਸ਼ੁਰੂ ਹੋ ਗਿਆ ਹੈ, ਜੋ ਪੰਜਾਬ ਵਾਸੀਆਂ ਖਾਸ ਕਰਕੇ ਕਿਸਾਨਾਂ ਲਈ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਈ ਸੜਕ ਸੁਰੱਖਿਆ ਫੋਰਸ ਨਾਲ ਪੰਜਾਬ ਵਿਚ ਹੋਣ ਵਾਲੇ ਹਾਦਸਿਆਂ ’ਚ ਗਿਰਾਵਟ ਆਈ ਹੈ। ਬਲਤੇਜ ਪੰਨੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਪੀ.ਏ.ਯੂ. ਵਿਚ ਪਹੁੰਚ ਕੇ ਇਸ ਜਸ਼ਨ ਦਾ ਹਿੱਸਾ ਬਣਨ। ਉਨ੍ਹਾਂ ਖਾਸ ਤੌਰ ’ਤੇ ਦਸਤਾਰਧਾਰੀ ਪੰਜਾਬੀਆਂ ਨੂੰ ਪੀਲੀਆਂ ਦਸਤਾਰਾਂ ਸਜਾ ਕੇ ਜਸ਼ਨ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੰਘ ਸਿੱਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਆਦਿ ਵੀ ਹਾਜ਼ਰ ਸਨ।