ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਨੇ ਕੈਮਰਾਮੈਨ ਨੂੰ ਮਾਰਿਆ ਥੱਪੜ - ਕੇਜਰੀਵਾਲ ਵਲੋਂ ਗ੍ਰਿਫ਼ਤਾਰੀ ਦੀ ਮੰਗ
ਨਵੀਂ ਦਿੱਲੀ, 27 ਸਤੰਬਰ (ਪੀ. ਟੀ.
ਨਵੀਂ ਦਿੱਲੀ, 27 ਸਤੰਬਰ (ਪੀ.ਟੀ.ਆਈ.)-ਦਿੱਲੀ ਦੇ ਪੀ.ਡਬਲਯੂ.ਡੀ. ਮੰਤਰੀ ਪਰਵੇਸ਼ ਵਰਮਾ ਨੇ ਤਿਲਕ ਨਗਰ ਵਿਧਾਨ ਸਭਾ ਹਲਕੇ ’ਚ ਸੜਕ ਦੇ ਨਿਰੀਖਣ ਦੌਰਾਨ ਇਕ ਕੈਮਰਾਮੈਨ ਨੂੰ ਥੱਪੜ ਮਾਰਿਆ, ਜਿਸ ਤੋਂ ਬਾਅਦ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਦੀ ਵੀਡੀਓ ਸਾਂਝੀ ਕਰਕੇ ਮੰਤਰੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਤਿਲਕ ਨਗਰ ਤੋਂ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਦਾਅਵਾ ਕੀਤਾ ਕਿ ਜਦੋਂ ਕੈਮਰਾਮੈਨ ਇਲਾਕੇ ਵਿਚ ਸੜਕ ਨਿਰਮਾਣ ਨਾਲ ਸੰਬੰਧਿਤ ਮੁੱਦੇ ਉਠਾ ਰਿਹਾ ਸੀ ਤਾਂ ਵਰਮਾ ਨੇ ਆਪਣਾ ਆਪਾ ਗੁਆ ਲਿਆ ਤੇ ਉਸ ਨੂੰ ਥੱਪੜ ਮਾਰ ਦਿੱਤਾ। ਹਾਲਾਂਕਿ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਵਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਫੈਲਾਈ ਜਾ ਰਹੀ ਵੀਡੀਓ ਨੂੰ ਬਿਨਾਂ ਸੰਦਰਭ ਦੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਸਥਾਨਕ ‘ਆਪ’ ਵਿਧਾਇਕ ’ਤੇ ਸੜਕ ਦੇ ਠੇਕੇਦਾਰ ਤੋਂ ਕਮਿਸ਼ਨ ਮੰਗਣ ਦਾ ਦੋਸ਼ ਵੀ ਲਾਇਆ। ਵਰਮਾ ਨੇ ਕਿਹਾ ਕਿ ਵਿਧਾਇਕ ਜਰਨੈਲ ਸਿੰਘ ਨੇ ਸੜਕ ਦੇ ਮਾੜੇ ਨਿਰਮਾਣ ਕਾਰਜ ਬਾਰੇ ਸ਼ਿਕਾਇਤ ਕੀਤੀ ਸੀ ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ‘ਆਪ’ ਵਿਧਾਇਕ ਨੂੰ ਵੀ ਉੱਥੇ ਆਉਣ ਲਈ ਕਿਹਾ। ਹਾਲਾਂਕਿ, ਵਰਮਾ ਨੇ ਦੋਸ਼ ਲਾਇਆ ਕਿ ਜਰਨੈਲ ਸਿੰਘ ਨੇ ‘ਆਪ’ ਵਰਕਰਾਂ ਨੂੰ ਮੌਕੇ ’ਤੇ ਬੁਲਾ ਲਿਆ ਤੇ ਉਨ੍ਹਾਂ ਨੇ ਵਰਮਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਬਦਸਲੂਕੀ ਕੀਤੀ, ਜਿਸ ਕਾਰਨ ਉਨ੍ਹਾਂ ਨੇ ਉਸੇ ਤਰ੍ਹਾਂ ਪ੍ਰਤੀਕਿਰਿਆ ਦਿੱਤੀ ਜਿਵੇਂ ਕੋਈ ਵੀ ਆਮ ਵਿਅਕਤੀ ਦਿੰਦਾ ਹੈ। ਵਰਮਾ ਨੇ ਕਿਹਾ ਕਿ ਦਿੱਲੀ ਸਰਕਾਰ ਨਿਰਮਾਣ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਆਪਣੇ ਸੜਕੀ ਕੰਮਾਂ ਦਾ ਸੁਤੰਤਰ ਆਡਿਟ ਕਰਵਾਏਗੀ, ਜਿਸ ਵਿਚ ‘ਕੋਰ-ਕਟਿੰਗ ਟੈਸਟ’ ਵੀ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਜਾਂ ਕਮਿਸ਼ਨ ਮੰਗਣ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਨਾਲ ਹੀ, ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿੱਚ ਕਈ ਸੜਕਾਂ ਸਾਲਾਂ ਤੱਕ ਅਣਗੌਲੀਆਂ ਰਹਿਣ ਤੋਂ ਬਾਅਦ ਹੁਣ ਬਣਾਈਆਂ ਜਾ ਰਹੀਆਂ ਹਨ।