ਸੀ . ਬੀ . ਆਈ . ਵਲੋਂ ਆਰਕਾਮ , ਐਲ . ਆਈ . ਸੀ . ਦੇ ਸਾਬਕਾ ਮੁੱਖ ਨਿਵੇਸ਼ ਅਧਿਕਾਰੀ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ
ਨਵੀਂ ਦਿੱਲੀ, 3 ਅਕਤੂਬਰ (ਪੀ. ਟੀ.
ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)-ਸੀ.ਬੀ.ਆਈ. ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (ਆਰਕਾਮ), ਸਮੂਹ ਦੇ ਸਾਬਕਾ ਅਧਿਕਾਰੀਆਂ ਅਤੇ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੇ ਇੱਕ ਸਾਬਕਾ ਮੁੱਖ ਨਿਵੇਸ਼ ਅਧਿਕਾਰੀ ਖ਼ਿਲਾਫ਼ ਐਲ.ਆਈ.ਸੀ. ਨੂੰ ਗਲਤ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ 3,750-ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ, ਅਧਿਕਾਰੀਆਂ ਨੇ ਸਨਿਚਰਵਾਰ ਨੂੰ ਕਿਹਾ। ਕੇਂਦਰੀ ਏਜੰਸੀ ਦੇ ਅਨੁਸਾਰ, ਹੁਣ ਤੱਕ ਸੀ.ਬੀ.ਆਈ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 2012 ਵਿਚ ਐਲ.ਆਈ.ਸੀ. ਨੇ ਗੰਭੀਰ ਗਲਤ ਬਿਆਨਾਂ ਦੇ ਆਧਾਰ ‘ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਵੱਲੋਂ ਜਾਰੀ ਕੀਤੇ ਗਏ 1,500 ਕਰੋੜ ਰੁਪਏ ਦੇ ਐਨ.ਸੀ.ਡੀਜ(ਗੈਰ-ਪਰਿਵਰਤਨਸ਼ੀਲ ਡਿਬੈਂਚਰਜ) ਦੀ ਖਰੀਦ ਕੀਤੀ ਸੀ। ਮੁੰਬਈ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿਚ ਦਾਇਰ ਆਪਣੀ ਚਾਰਜਸ਼ੀਟ ਵਿਚ ਏਜੰਸੀ ਨੇ ਮੁਲਜ਼ਮ ਵਜੋਂ ‘ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ, ਰਿਲਾਇੰਸ ਏ.ਡੀ.ਏ. ਗਰੁੱਪ ਦੇ ਦੋ ਅਧਿਕਾਰੀ, ਅਰਥਾਤ, ਅਮਿਤਾਭ ਝੁੰਝੁਨਵਾਲਾ, ਗਰੁੱਪ ਐਮ.ਡੀ., ਵਿਸ਼ਵਾਸ ਜੋਸ਼ੀ, ਸੀਨੀਅਰ ਵੀ.ਪੀ., ਰਿਲਾਇੰਸ ਕੈਪੀਟਲ ਲਿਮਟਿਡ ਅਤੇ ਪੀ. ਵੇਣੂਗੋਪਾਲ, ਉਸ ਸਮੇਂ ਦੇ ਮੁੱਖ ਨਿਵੇਸ਼ ਅਧਿਕਾਰੀ, ਐਲ.ਆਈ.ਸੀ ਨੂੰ ਨਾਮਜ਼ਦ ਕੀਤਾ ਹੈ, ਸੀ.ਬੀ.ਆਈ. ਦੇ ਬੁਲਾਰੇ ਨੇ ਇੱਥੇ ਇੱਕ ਬਿਆਨ ਵਿਚ ਕਿਹਾ। ਬੁਲਾਰੇ ਨੇ ਕਿਹਾ ਕਿ ਇਨ੍ਹਾਂ ਚਾਰਾਂ ਮੁਲਜ਼ਮਾਂ ਵਿਰੁੱਧ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੇ ਤਹਿਤ ਅਪਰਾਧਿਕ ਸਾਜ਼ਿਸ਼, ਧੋਖਾਧੜੀ ਅਤੇ ਵਿਸ਼ਵਾਸਘਾਤ ਦੇ ਅਪਰਾਧਾਂ ਦੇ ਨਾਲ-ਨਾਲ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੇ ਤਹਿਤ ਅਪਰਾਧਾਂ ਲਈ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਏਜੰਸੀ ਨੇ ਕਿਹਾ ਕਿ ਹੋਰ ਮੁਲਜ਼ਮ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਅਤੇ ਹੋਰ ਦੋਸ਼ਾਂ ਦੀ ਜਾਂਚ ਕਰਨ ਲਈ ਅਗਲੀ ਜਾਂਚ ਜਾਰੀ ਹੈ।ਬੁਲਾਰੇ ਨੇ ਕਿਹਾ ਕਿ ਐਨ.ਸੀ.ਡੀ. ਸਬਸਕ੍ਰਿਪਸ਼ਨ ਤੋਂ ਇਕੱਠੇ ਕੀਤੇ ਫੰਡਾਂ ਨੂੰ ਬਾਅਦ ਵਿਚ ਏ.ਡੀ.ਏ. ਗਰੁੱਪ ਕੰਪਨੀਆਂ ਵਿਚ ਭੇਜ ਦਿੱਤਾ ਗਿਆ, ਜਿਸ ਨਾਲ ਐਲ.ਆਈ.ਸੀ. ਨੂੰ ਗਲਤ ਨੁਕਸਾਨ ਹੋਇਆ ਅਤੇ ਮੁਲਜ਼ਮਾਂ ਅਤੇ ਸਬੰਧਤ ਸੰਸਥਾਵਾਂ ਨੂੰ ਗਲਤ ਲਾਭ ਹੋਇਆ।