ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ 89 ਨੌਜਵਾਨ ਨਾਮਜ਼ਦ, ਹੁਣ ਤੱਕ 17 ਗ੍ਰਿਫ਼ਤਾਰ
ਫਗਵਾੜਾ, 8 ਅਕਤੂਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ.
ਫਗਵਾੜਾ, 8 ਅਕਤੂਬਰ (ਹਰਜੋਤ ਸਿੰਘ ਚਾਨਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ’ਚ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਹੁਣ ਤੱਕ ਲਗਭਗ 89 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ’ਚ ਲਗਭਗ 80 ਤੋਂ ਵੱਧ ਯੂਨੀਵਰਸਿਟੀ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਹੁਣ ਤੱਕ 17 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ 15 ਐਲ.ਪੀ.ਯੂ. ਵਿਦਿਆਰਥੀ ਹਨ| ਇਸ ਦੌਰਾਨ ਐੱਫ.ਆਈ.ਆਰ. ਨੰਬਰ 163, ਜੋ ਥਾਣਾ ਸਤਨਾਮਪੁਰਾ ’ਚ ਦਰਜ ਹੈ, ਦੇ ਸਬੰਧ ’ਚ ਚਾਰ ਵਿਦਿਆਰਥੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ| ਜੈਪੁਰ ਵਾਸੀ ਯੋਗਿਆ ਅਗਰਵਾਲ ਤੇ ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੇ ਕੁਸ਼ਲ ਨੂੰ ਪੁਲਿਸ ਨੇ ਇੱਕ ਦਿਨ ਦੇ ਰਿਮਾਂਡ ’ਤੇ ਲਿਆ ਹੈ| ਇਸੇ ਮਾਮਲੇ ’ਚ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਾਸੀ ਇਸ਼ੁਸ਼ ਮਹਾਜਨ ਤੇ ਕੁਰੂਕਸ਼ੇਤਰ ਵਾਸੀ ਅਨੁਜ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਕੇਂਦਰੀ ਜੇਲ੍ਹ ਕਪੂਰਥਲਾ ਭੇਜ ਦਿੱਤਾ | ਪੁਲਿਸ ਅਨੁਸਾਰ ਹੁਣ ਤੱਕ ਵੱਖ-ਵੱਖ ਰਾਜਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਨ੍ਹਾਂ ’ਚ ਬਿਹਾਰ, ਮਹਾਰਾਸ਼ਟਰ, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀ ਸ਼ਾਮਿਲ ਹਨ| ਪੁਲਿਸ ਨੇ ਦੋ ਬਾਹਰੀ ਵਿਅਕਤੀਆਂ ਫਗਵਾੜਾ ਵਾਸੀ ਜਸਮੀਤ ਕੁਮਾਰ ਤੇ ਗਗਨਦੀਪ ਉਰਫ਼ ਕੋਠਾ ਨੂੰ ਵੀ ਗ੍ਰਿਫਤਾਰ ਕੀਤਾ ਹੈ| ਪੁਲਿਸ ਨੇ ਕਿਹਾ ਕਿ ਜਾਂਚ ਜਾਰੀ ਹੈ ਤੇ ਸਬੂਤਾਂ ਤੇ ਮੁਲਜ਼ਮਾਂ ਦੀ ਭੂਮਿਕਾ ਦੇ ਆਧਾਰ ’ਤੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ| ਪੋਸਟ ਪਾਉਣ ਵਾਲੀ ਵਿਦਿਆਰਥਣ ਤੋਂ ਪੁਲਿਸ ਵਲੋਂ ਪੁੱਛਗਿੱਛ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਹੋਈ ਹਿੰਸਾ ਤੋਂ ਕਰੀਬ 11 ਦਿਨ ਤੋਂ ਵੱਧ ਸਮੇਂ ਬਾਅਦ, ਇੱਕ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਸਬੰਧੀ ਬਿਨਾਂ ਪੁਸ਼ਟੀ ਵਾਲੀਆਂ ਰਿਪੋਰਟਾਂ ਦੇ ਮਾਮਲੇ ’ਚ ਕਪੂਰਥਲਾ ਪੁਲਿਸ ਨੇ ਉਸ ਮੁੱਖ ਸਰੋਤ ਦਾ ਪਤਾ ਲਗਾ ਲਿਆ ਹੈ, ਜਿੱਥੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਰੀ-ਐਡਿੰਟ ’ਤੇ ਇਹ ਪੋਸਟ ਪਹਿਲੀ ਵਾਰ ਅੱਪਲੋਡ ਕੀਤੀ ਗਈ ਸੀ | ਅਮਰੀਕਾ ਸਥਿਤ ਰੀਐਡਿੰਟ ਦੇ ਹੈੱਡਕੁਆਟਰ ਤੋਂ ਠੋਸ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਪੰਜਾਬ ਪੁਲਿਸ ਦੇ ਤਕਨੀਕੀ ਤੇ ਸਾਈਬਰ ਸੈੱਲ ਦੇ ਮਾਹਿਰਾਂ ਨੇ ਲਵਲੀ ਦੀ ਪਹਿਲੇ ਸਾਲ ਦੀ ਇਕ ਵਿਦਿਆਰਥਣ ਵਲੋਂ ਵਰਤੇ ਗਏ ਆਈ.ਪੀ ਐਡਰੈੱਸ ਦਾ ਪਤਾ ਲਗਾਇਆ| ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਵਿਦਿਆਰਥਣ ਨੇ ਮੰਨਿਆ ਕਿ ਰੀ-ਐਡਿੰਟ ’ਤੇ ਕੀਤੀ ਗਈ ਉਸ ਦੀ ਪੋਸਟ ਸੁਣੀ-ਸੁਣਾਈ ਜਾਣਕਾਰੀ ’ਤੇ ਆਧਾਰਿਤ ਸੀ ਤੇ ਉਸਦਾ ਮਕਸਦ ਸਿਰਫ਼ ਆਪਣੇ ਵਿਚਾਰ ਪ੍ਰਗਟ ਕਰਨਾ ਸੀ|