ਕੱਚਾ ਤੇਲ 110 ਡਾਲਰ ਪ੍ਰਤੀ ਬੈਰਲ ’ਤੇ ਪੁੱਜਿਆ, ਭਾਰਤ ਦਾ ਦਰਾਮਦ ਬਿੱਲ ਵਧਣ ਦਾ ਖ਼ਦਸ਼ਾ
ਮੂਣਕ (ਸੰਗਰੂਰ) 17 ਅਕਤੂਬਰ (ਕੇਵਲ ਸਿੰਗਲਾ)-ਪੱਛਮੀ ਏਸ਼ੀਆ ਵਿਚ ਵਧਦੇ ਟਕਰਾਅ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਮੁੜ 110 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੱਕ ਪਹੁੰਚ ਗਈਆਂ ਹਨ। ਇਸ ਦਾ ਸਿੱਧਾ ਅਸਰ ਭਾਰਤ ਦੇ ਤੇਲ ਦਰਾਮਦ ਬਿੱਲ ’ਤੇ ਪੈਣ ਦਾ ਖ਼ਦਸ਼ਾ ਹੈ।
ਮੂਣਕ (ਸੰਗਰੂਰ) 17 ਅਕਤੂਬਰ (ਕੇਵਲ ਸਿੰਗਲਾ)-ਪੱਛਮੀ ਏਸ਼ੀਆ ਵਿਚ ਵਧਦੇ ਟਕਰਾਅ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਮੁੜ 110 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੱਕ ਪਹੁੰਚ ਗਈਆਂ ਹਨ। ਇਸ ਦਾ ਸਿੱਧਾ ਅਸਰ ਭਾਰਤ ਦੇ ਤੇਲ ਦਰਾਮਦ ਬਿੱਲ ’ਤੇ ਪੈਣ ਦਾ ਖ਼ਦਸ਼ਾ ਹੈ। ਹਾਲਾਂਕਿ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਸਥਿਰ ਰੱਖੀਆਂ ਹੋਈਆਂ ਹਨ। ਦੂਜੇ ਪਾਸੇ, ਨਿੱਜੀ ਖੇਤਰ ਦੀਆਂ ਕੁਝ ਕੰਪਨੀਆਂ ਨੇ ਕੀਮਤਾਂ ਵਿਚ ਪਹਿਲਾਂ ਹੀ ਵਾਧਾ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਸਤੰਬਰ ਮਹੀਨੇ ਵਿਚ ਭਾਰਤ ਦਾ ਕੱਚੇ ਤੇਲ ਦੀ ਦਰਾਮਦ ਦਾ ਬਿੱਲ ਸਾਲਾਨਾ ਆਧਾਰ ’ਤੇ 47 ਫ਼ੀਸਦੀ ਵਧ ਕੇ 15.4 ਅਰਬ ਡਾਲਰ ਹੋ ਗਿਆ। ਇਸ ਦੌਰਾਨ ਕੱਚੇ ਤੇਲ ਦੀ ਦਰਾਮਦ ਦੀ ਮਾਤਰਾ ਵੀ 7 ਫ਼ੀਸਦੀ ਵਧ ਕੇ 21.7 ਮਿਲੀਅਨ ਮੀਟ੍ਰਿਕ ਟਨ ਰਹੀ। ਤੇਲ ਅਤੇ ਗੈਸ ਦਾ ਸ਼ੁੱਧ ਦਰਾਮਦ ਬਿੱਲ ਵੀ 39.6 ਫ਼ੀਸਦੀ ਦੇ ਵਾਧੇ ਨਾਲ 13.4 ਅਰਬ ਡਾਲਰ ਤੱਕ ਪਹੁੰਚ ਗਿਆ। ਖ਼ਪਤਕਾਰਾਂ ਨੂੰ ਫਿਲਹਾਲ ਰਾਹਤ ਜਾਰੀ ਕੌਮਾਂਤਰੀ ਬਾਜ਼ਾਰ ਵਿਚ ਤੇਲ ਮਹਿੰਗਾ ਹੋਣ ਦੇ ਬਾਵਜੂਦ ਸਰਕਾਰੀ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਨਾ ਵਧਾਉਣ ਕਾਰਨ ਆਮ ਖ਼ਪਤਕਾਰਾਂ ਨੂੰ ਫ਼ੌਰੀ ਰਾਹਤ ਮਿਲ ਰਹੀ ਹੈ। ਪਰ ਜੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਲੰਬੇ ਸਮੇਂ ਤੱਕ ਕਾਇਮ ਰਹਿੰਦੀਆਂ ਹਨ ਤਾਂ ਤੇਲ ਕੰਪਨੀਆਂ ਨੂੰ ਮਹਿੰਗੀ ਦਰਾਮਦ ਅਤੇ ਘੱਟ ਪ੍ਰਚੂਨ ਵਿਕਰੀ ਕੀਮਤਾਂ ਵਿਚਲਾ ਫ਼ਰਕ ਆਪਣੇ ਮੁਨਾਫ਼ੇ ਵਿਚੋਂ ਸਹਿਣਾ ਪੈ ਸਕਦਾ ਹੈ। ਨਿੱਜੀ ਕੰਪਨੀ ਜੀਓ-ਬੀਪੀ ਨੇ 11 ਅਕਤੂਬਰ ਨੂੰ ਪੈਟਰੋਲ ਦੀ ਕੀਮਤ 5 ਰੁਪਏ ਅਤੇ ਡੀਜ਼ਲ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾਈ ਸੀ। ਇਸ ਤੋਂ ਪਹਿਲਾਂ ਨਯਾਰਾ ਐਨਰਜੀ ਵੀ ਕੀਮਤਾਂ ਵਧਾ ਚੁੱਕੀ ਹੈ। ਕੌਮਾਂਤਰੀ ਕੀਮਤਾਂ ਵਿਚ ਲਗਾਤਾਰ ਵਾਧਾ ਦੇਸ਼ ਦੇ ਵਪਾਰ ਘਾਟੇ, ਮਹਿੰਗਾਈ ਅਤੇ ਆਰਥਿਕ ਵਿਕਾਸ ਲਈ ਚੁਣੌਤੀ ਬਣ ਸਕਦਾ ਹੈ।