ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ’ਚ ਟਰੈਵਲ ਏਜੰਟ ਤਰੁਣ ਖੋਸਲਾ 7 ਦਿਨ ਦੇ ਈ.ਡੀ. ਰਿਮਾਂਡ ’ਤੇ
ਜਲੰਧਰ, 24 ਅਕਤੂਬਰ (ਸ਼ਿਵ)-ਡੰਕੀ ਰੂਟ ਰਾਹੀਂ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਤੇ ਬਾਅਦ ਵਿਚ ਉਨ੍ਹਾਂ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜੇ ਜਾਣ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)
3
300 ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਸ ਭੇਜਣ ਦੇ ਮਾਮਲੇ ’ਚ ਕਾਰਵਾਈ, ਹਵਾਲਾ ਰਾਸ਼ੀ ਤਹਿਤ ਦਰਜ ਹੈ ਕੇਸ
25-10-2026
ਜਲੰਧਰ, 24 ਅਕਤੂਬਰ (ਸ਼ਿਵ)-ਡੰਕੀ ਰੂਟ ਰਾਹੀਂ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਤੇ ਬਾਅਦ ਵਿਚ ਉਨ੍ਹਾਂ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜੇ ਜਾਣ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਦੇ ਟਰੈਵਲ ਏਜੰਟ ਤਰੁਣ ਖੋਸਲਾ ਨੂੰ ਅਦਾਲਤ ਵਿਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ । ਤਰੁਣ ਖੋਸਲਾ ਦਿੱਲੀ ਸਥਿਤ ਬੀ.ਜੇ. ਇੰਟਰਨੈਸ਼ਨਲ ਦਾ ਮਾਲਕ ਦੱਸਿਆ ਜਾਂਦਾ ਹੈ । ਈ.ਡੀ. ਨੇ ਉਸਨੂੰ ਬੀਤੇ ਦਿਨੀਂ ਦਿੱਲੀ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ । ਈ.ਡੀ. ਵਲੋਂ ਤਰੁਣ ਖੋਸਲਾ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਿਆ ਕੇ ਡਿਊਟੀ ਜੱਜ ਅਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਵਿਚ ਪੇਸ਼ ਕੀਤਾ । ਇਸ ਮੌਕੇ ਈ.ਡੀ. ਵਲੋਂ ਸੀਨੀਅਰ ਐਡਵੋਕੇਟ ਸ੍ਰੀ ਅਜੇ ਪਠਾਨੀਆ ਅਦਾਲਤ ਵਿਚ ਪੇਸ਼ ਹੋਏ ਤੇ ਮੁਲਜ਼ਮ ਤੋਂ ਪੁੱਛਗਿੱਛ ਲਈ 10 ਦਿਨ ਦਾ ਰਿਮਾਂਡ ਦੇਣ ਦੀ ਮੰਗ ਕੀਤੀ ਗਈ । ਅਦਾਲਤ ਨੇ ਈ.ਡੀ. ਦੇ ਵਕੀਲ ਵਲੋਂ ਪੇਸ਼ ਕੀਤੇ ਤੱਥਾਂ ਤੇ ਸਬੂਤਾਂ ’ਤੇ ਵਿਚਾਰ ਕਰਦਿਆਂ ਤਰੁਣ ਖੋਸਲਾ ਨੂੰ ਸੱਤ ਦਿਨ ਦੇ ਈ.ਡੀ. ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ । ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਸ ਮਾਮਲੇ ਵਿਚ ਹੁਣ ਤੱਕ 17 ਐੱਫ.ਆਈ.ਆਰ. ਦਰਜ ਹੋ ਚੁੱਕੀਆਂ ਹਨ ਤੇ ਹਵਾਲਾ ਰਾਸ਼ੀ ਦੇ ਤਹਿਤ ਜਾਂਚ ਕੀਤੀ ਜਾ ਰਹੀ ਹੈ । ਮੁਲਜ਼ਮ ਨੂੰ ਹੁਣ 30 ਅਕਤੂਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ । ਇਸ ਮਾਮਲੇ ਵਿਚ ਤਰੁਣ ਖੋਸਲਾ ਵਲੋਂ ਐਡਵੋਕੇਟ ਮੋਹਿਤ ਚੌਧਰੀ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ । ਈ.ਡੀ. ਦੇ ਵਕੀਲ ਅਜੇ ਪਠਾਨੀਆ ਨੇ ਅਦਾਲਤ ਨੂੰ ਦੱਸਿਆ ਕਿ ਡਿਪੋਰਟ ਕੀਤੇ ਗਏ ਭਾਰਤੀਆਂ ਨਾਲ ਸਬੰਧਿਤ ਮਾਮਲੇ ਦੀ ਜਾਂਚ ਦੌਰਾਨ ਈ.ਡੀ. ਵਲੋਂ ਇਸ ਨੈੱਟਵਰਕ ਨਾਲ ਜੁੜੇ ਕੁਝ ਟਰੈਵਲ ਏਜੰਟਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ । ਇਨ੍ਹਾਂ ਵਿਚ ਜਲੰਧਰ ਦੇ ਰਿਚੀ ਟਰੈਵਲ ਦਾ ਨਾਮ ਵੀ ਸਾਹਮਣੇ ਆਇਆ ਸੀ । ਛਾਪੇਮਾਰੀ ਦੌਰਾਨ ਜਾਂਚ ਏਜੰਸੀ ਵਲੋਂ ਕਥਿਤ ਤੌਰ ’ਤੇ ਲਗਭਗ 4.62 ਕਰੋੜ ਰੁਪਏ ਮੁੱਲ ਦੀਆਂ ਸੋਨੇ ਦੀਆਂ ਛੜਾਂ, ਕਰੀਬ 313 ਕਿਲੋ ਚਾਂਦੀ, ਡਿਜੀਟਲ ਉਪਕਰਣ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਸਨ ।