ਡਾਬਾ/ਲੁਹਾਰਾ/ਲੁਧਿਆਣਾ, ਸੰਨ 1932 ਦੌਰਾਨ ਪਿੰਡ ਲੁਹਾਰਾ ਲੁਧਿਆਣਾ ਦੇ ਵਸਨੀਕ ਸ. ਭਗਤ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਜਨਮ ਲੈਣ ਵਾਲੇ ਹਰਨੇਕ ਸਿੰਘ ਢਿੱਲੋਂ ਬਚਪਨ ਤੋਂ ਹੀ ਸਖਤ ਮਿਹਨਤ ਕਰਨ ਤੇ ਖੇਤੀਬਾੜੀ ਵਿਚ ਰੁਚੀ ਰੱਖਣ ਵਾਲੇ ਸੁਭਾਅ ਦੇ ਮਾਲਕ ਸਨ । ਆਪ ਜੀ ਹਾਲੇ ਪੰਜ ਸਾਲ ਦੀ ਉਮਰ ਵਿਚ ਹੀ ਪਹੁੰਚੇ ਸਨ ਜਦ ਉਨ੍ਹਾਂ ਦੇ ਸਿਰ ਤੋਂ ਪਿਤਾ ਭਗਤ ਸਿੰਘ ਦਾ ਸਾਇਆ ਉੱਠ ਗਿਆ ਅਤੇ ਆਪ ਜੀ ਦੀ ਮਾਤਾ ਨੇ ਬਹੁਤ ਸੰਘਰਸ਼ਸ਼ੀਲ ਪਰਸਥਿਤੀਆਂ ਵਿੱਚ ਹਰਨੇਕ ਸਿੰਘ ਢਿੱਲੋਂ ਦਾ ਪਾਲਣ ਪੋਸ਼ਣ ਕੀਤਾ। ਭਰਜਵਾਨੀ ਵਿਚ ਪਹੁੰਚਣ ’ਤੇ ਹਰਨੇਕ ਸਿੰਘ ਢਿੱਲੋਂ ਦੇ ਸ਼ੁਭ ਅਨੰਦ ਕਾਰਜ 1951 ਦੌਰਾਨ ਸੁਰਜੀਤ ਕੌਰ ਪੁੱਤਰੀ ਗੱਜਨ ਸਿੰਘ, ਮਾਤਾ ਬਚਨ ਕੌਰ ਵਾਸੀ ਪਿੰਡ ਖਾਨਪੁਰ ਨਾਲ ਹੋਏ । ਆਪ ਜੀ ਦੇ ਘਰ ਦੋ ਸਪੁੱਤਰਾਂ ਕਮਿਕਰ ਸਿੰਘ ਢਿੱਲੋਂ ਤੇ ਮਲਕੀਤ ਸਿੰਘ ਢਿੱਲੋਂ ਤੋਂ ਇਲਾਵਾ ਬੇਟੀ ਰਸ਼ਪਾਲ ਕੌਰ ਅਤੇ ਪਰਮਜੀਤ ਕੌਰ ਨੇ ਜਨਮ ਲਿਆ । ਹਰਨੇਕ ਸਿੰਘ ਢਿੱਲੋਂ ਸਖਤ ਮਿਹਨਤ ਵਿਚ ਵਿਸ਼ਵਾਸ ਰੱਖਣ ਵਾਲੇ ਇਨਸਾਨ ਹੋਣ ਦੀ ਬਦੌਲਤ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਖੇਤੀਬਾੜੀ ਦੇ ਕੰਮ ਨੂੰ ਤਰਜੀਹ ਦੇ ਕੇ ਅਤੇ ਆਪਣੇ ਬੱਚਿਆਂ ਨੂੰ ਉੱਚ ਕੋਟੀ ਦੇ ਸੰਸਕਾਰ ਦੇ ਕੇ ਪਾਲਿਆ । ਆਪ ਜੀ ਦੇ ਵੱਡੇ ਸਪੁੱਤਰ ਕਮਿਕਰ ਸਿੰਘ ਢਿੱਲੋਂ ਕੁਝ ਸਮਾਂ ਪਹਿਲਾਂ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉੱਥੇ ਹੀ ਉਨ੍ਹਾਂ ਦੇ ਦੂਸਰੇ ਸਪੁੱਤਰ ਮਲਕੀਤ ਸਿੰਘ ਢਿੱਲੋ ਜੋ ਕਿ ਖੇਤੀਬਾੜੀ ਤੋਂ ਇਲਾਵਾ ਸਮਾਜ ਵਿਚ ਚੰਗਾ ਨਾਮਣਾ ਖਟਦਿਆਂ ਪਿੰਡ ਲੁਹਾਰਾ ਦੇ ਨੰਬਰਦਾਰ ਵਜੋਂ ਸਮਾਜ ਵਿਚ ਵਿਚਰ ਕੇ ਨਾਮਨਾ ਖੱਟਦੇ ਹੋਏ ਆਪਣੇ ਪਿਤਾ ਦੇ ਨਾਮ ਨੂੰ ਰੌਸ਼ਨ ਕਰ ਰਹੇ ਹਨ । ਆਪ ਜੀ ਨੇ ਆਪਣੀਆਂ ਦੋਨਾਂ ਲੜਕੀਆਂ ਰਸ਼ਪਾਲ ਕੌਰ ਅਤੇ ਪਰਮਜੀਤ ਕੌਰ ਨੂੰ ਉੱਚ ਕੋਟੀ ਦੀਆਂ ਸਿੱਖਿਆਵਾਂ ਦੇ ਕੇ ਪਾਲਿਆ ਤੇ ਵਿਆਹਿਆ । ਆਪ ਜੀ ਦੀ ਵੱਡੀ ਲੜਕੀ ਰਸ਼ਪਾਲ ਕੌਰ ਜੋ ਕਿ ਇਆਲੀ ਪਿੰਡ ਵਿਖੇ ਨਾਮੀ ਗਰੇਵਾਲ ਪਰਿਵਾਰ ਦੇ ਗੁਰਚਰਨਜੀਤ ਸਿੰਘ ਗਰੇਵਾਲ (ਸਵ.) ਨਾਲ ਵਿਆਹੀ ਗਈ ਤੇ ਆਪ ਜੀ ਦੇ ਦੋਹਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਹਲਕਾ ਦਾਖਾ ਦੇ ਲੋਕਾਂ ਦੀ ਐਮ.ਐਲ.ਏ. ਵਜੋਂ ਸੇਵਾ ਕਰਕੇ ਹਰਨੇਕ ਸਿੰਘ ਢਿੱਲੋਂ ਦੀ ਫੁਲਵਾੜੀ ਦੇ ਮਹਿਕਦੇ ਫੁੱਲ ਬਣ ਕੇ ਖੁਸ਼ਬੂ ਬਿਖੇਰ ਰਹੇ ਹਨ । ਸਵ. ਹਰਨੇਕ ਸਿੰਘ ਢਿੱਲੋਂ ਬੀਤੀ 18 ਅਕਤੂਬਰ ਦਿਨ ਸੋਮਵਾਰ ਨੂੰ ਅਕਾਲ ਪੁਰਖ ਵਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਲੁਹਾਰਾ ਲੁਧਿਆਣਾ ਵਿਖੇ ਮਿਤੀ 25 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 12:30 ਤੋਂ 1:30 ਵਜੇ ਤੱਕ ਹੋਵੇਗੀ।
-ਕੁਲਵੰਤ ਸਿੰਘ ਸੱਪਲ