ਸ਼੍ਰੋਮਣੀ ਕਮੇਟੀ ਵਲੋਂ ਯੂ.ਪੀ.ਐਸ.ਸੀ. ਪ੍ਰੀਖਿਆ ’ਚ ਸਫ਼ਲ ਰਹੇ 11 ਸਿੱਖ ਵਿਦਿਆਰਥੀਆਂ ਦਾ ਇਕ-ਇਕ ਲੱਖ ਦੀ ਰਾਸ਼ੀ ਨਾਲ ਸਨਮਾਨ
ਅੰਮ੍ਰਿਤਸਰ, 24 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸਾਲ 2025 ਦੀ ਯੂ. ਪੀ.
ਅੰਮ੍ਰਿਤਸਰ, 24 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਸਾਲ 2025 ਦੀ ਯੂ.ਪੀ.ਐਸ.ਸੀ. ਪ੍ਰੀਖਿਆ ’ਚ ਸਫ਼ਲਤਾ ਹਾਸਲ ਕਰਕੇ ਉੱਚ ਪ੍ਰਸ਼ਾਸਕੀ ਸੇਵਾਵਾਂ ਲਈ ਚੁਣੇ ਗਏ 11 ਹੋਣਹਾਰ ਸਿੱਖ ਵਿਦਿਆਰਥੀਆਂ ਨੂੰ ਅੱਜ ਇਥੇ ਹੋਏ ਸਮਾਗਮ ਦੌਰਾਨ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ । ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਸਨਮਾਨਿਤ ਕੀਤੇ ਗਏ ਇਨ੍ਹਾਂ 11 ਸਿੱਖ ਵਿਦਿਆਰਥੀਆਂ ’ਚ ਸਿਮਰਨਦੀਪ ਕੌਰ, ਰਸਨੀਤ ਕੌਰ, ਸੁਨਾਵਰਦੀਪ ਸਿੰਘ, ਨਵਨੀਤ ਕੌਰ, ਮਨਪ੍ਰੀਤ ਕੌਰ, ਸਰਬਰਾਜ ਸਿੰਘ, ਹਰਮਨਪ੍ਰੀਤ ਸਿੰਘ ਸੋਢੀ, ਜਪਲੀਨ ਕੌਰ, ਜਸਪ੍ਰੀਤ ਕੌਰ, ਕੰਵਰਪਾਲ ਸਿੰਘ ਤੇ ਸੰਦੀਪ ਸਿੰਘ ਸ਼ਾਮਿਲ ਹਨ । ਇਸ ਮੌਕੇ ਪ੍ਰਧਾਨ ਧਾਮੀ ਨੇ ਸਫ਼ਲ ਰਹੇ ਉਕਤ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਲਈ ਉਨ੍ਹਾਂ ਦੇ ਮਾਪੇ ਵੀ ਵਧਾਈ ਦੇ ਹੱਕਦਾਰ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਪ੍ਰਾਪਤੀ ਸਮੁੱਚੀ ਕੌਮ ਲਈ ਵੱਡੇ ਮਾਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸ ਮਕਸਦ ਦੀ ਪੂਰਤੀ ਲਈ ਚੰਡੀਗੜ੍ਹ ਵਿਖੇ ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਅਕੈਡਮੀ ਰਾਹੀਂ ਹਰ ਸਾਲ 25 ਯੋਗ ਸਿੱਖ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਪਟਿਆਲਾ ਵਿਖੇ ਵੀ ਨਿਆਂਇਕ ਸੇਵਾਵਾਂ ਦੀ ਤਿਆਰੀ ਲਈ ਹਰ ਸਾਲ 25 ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦਾ ਪ੍ਰਬੰਧ ਹੈ । ਇਸ ਤੋਂ ਪਹਿਲਾਂ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਆਪਣੀ ਸਥਾਪਨਾ ਦੀ ਭਾਵਨਾ ਅਨੁਸਾਰ ਸ਼੍ਰੋਮਣੀ ਕਮੇਟੀ ਜਿਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਦੇਖਦੀ ਹੈ, ਉਥੇ ਹੀ ਵਿਦਿਆ, ਸਿਹਤ ਸਹੂਲਤਾਂ ਤੇ ਲੋਕ ਭਲਾਈ ਦੇ ਕਾਰਜਾਂ ਵਿਚ ਵੀ ਮੋਹਰੀ ਰੋਲ ਨਿਭਾਉਂਦੀ ਹੈ । ਸਨਮਾਨਿਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦਾ ਧੰਨਵਾਦ ਕੀਤਾ । ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਬਾਵਾ ਸਿੰਘ ਗੁਮਾਨਪੁਰਾ, ਅਮਰਜੀਤ ਸਿੰਘ ਬੰਡਾਲਾ, ਓ.ਐਸ.ਡੀ. ਸਤਬੀਰ ਸਿੰਘ ਧਾਮੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਭਗਵੰਤ ਸਿੰਘ ਧੰਗੇੜਾ ਤੇ ਬਿਜੈ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਅਜ਼ਾਦਦੀਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ, ਸੁਪ੍ਰਿੰਟੈਂਡੈਂਟ ਨਿਸ਼ਾਨ ਸਿੰਘ ਤੇ ਮਲਕੀਤ ਸਿੰਘ ਬਹਿੜਵਾਲ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।