ਐੱਸ. ਏ. ਐੱਸ. ਨਗਰ, 28 ਅਕਤੂਬਰ (ਕਪਿਲ ਵਧਵਾ)- ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿਚ ਦਰਜ ਐੱਫ. ਆਈ. ਆਰ. ਦੀ ਜਾਂਚ ਦੇ ਸੰਬੰਧ ਵਿਚ ਸੀ. ਬੀ. ਆਈ. ਵਲੋਂ ਮੰਗਲਵਾਰ ਰਾਤ ਨੂੰ ਮੁਹਾਲੀ ਦੇ ਸੈਕਟਰ-69 ਸਥਿਤ ਪੰਜਾਬ ਮੈਡੀਕਲ ਕੌਂਸਲ ਦੇ ਮੁੱਖ ਦਫ਼ਤਰ ਵਿਖੇ ਦਬਿਸ਼ ਦਿੱਤੀ ਗਈ। ਸੂਤਰਾਂ ਅਨੁਸਾਰ ਜਾਂਚ ਦੌਰਾਨ ਟੀਮ ਨੇ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ ਅਤੇ ਕੁਝ ਘੰਟਿਆਂ ਦੀ ਛਾਣਬੀਣ ਉਪਰੰਤ ਉਥੋਂ ਚਲੀ ਗਈ। ਸੂਤਰਾਂ ਅਨੁਸਾਰ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਦੌਰਾਨ ਕੁਝ ਨਿਯਮਾਂ ਦੀ ਕਥਿਤ ਤੌਰ ’ਤੇ ਉਲੰਘਣਾ ਕੀਤੀ ਗਈ ਹੈ। ਸੀ. ਬੀ. ਆਈ. ਵਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅਸ਼ਵਨੀ ਕੁਮਾਰ ਜਾਂ ਹੋਰ ਕਿਸੇ ਕੈਮਿਸਟ ਨੂੰ ਸੰਭਾਵੀ ਤੌਰ ’ਤੇ ਨਿਰਧਾਰਤ ਸ਼ਰਤਾਂ ਪੂਰੀਆਂ ਕਰੇ ਬਗ਼ੈਰ ਲਾਇਸੰਸ ਜਾਰੀ ਕੀਤੇ ਗਏ ਹਨ ਜਾਂ ਉਨ੍ਹਾਂ ਦੇ ਲਾਇਸੰਸ ਮੁਅੱਤਲ ਕੀਤੇ ਜਾਣ ਉਪਰੰਤ ਮੁੜ ਤੋਂ ਬਹਾਲ ਕੀਤੇ ਗਏ ਹਨ। ਇਸ ਜਾਂਚ ਦੌਰਾਨ ਪੰਜਾਬ ਮੈਡੀਕਲ ਕੌਂਸਲ ਦੇ ਕੁਝ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿਚ ਹੋਣ ਦੀ ਗੱਲ ਆਖੀ ਜਾ ਰਹੀ ਹੈ। ਹਾਲਾਂਕਿ ਇਸ ਕਾਰਵਾਈ ਅਤੇ ਕਥਿਤ ਬੇਨਿਯਮੀਆਂ ਬਾਰੇ ਸੀ. ਬੀ. ਆਈ. ਵਲੋਂ ਅਜੇ ਤੱਕ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਕੀ ਹੈ ਪੰਜਾਬ ਮੈਡੀਕਲ ਕੌਂਸਲ ਪੰਜਾਬ ਮੈਡੀਕਲ ਕੌਂਸਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸੰਬੰਧਿਤ ਮੈਡੀਕਲ ਸੰਸਥਾ ਹੈ, ਜਿਸ ਦਾ ਮੁੱਖ ਕੰਮ ਡਾਕਟਰਾਂ ਦੀ ਰਜਿਸਟ੍ਰੇਸ਼ਨ ਕਰਨਾ ਅਤੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਰਿਕਾਰਡ ਸੰਭਾਲਣਾ ਹੈ। ਇਹ ਸੰਸਥਾ ਡਾਕਟਰਾਂ ਦੀਆਂ ਵਾਧੂ ਯੋਗਤਾਵਾਂ ਦੀ ਰਜਿਸਟ੍ਰੇਸ਼ਨ ਤੇ ਪੇਸ਼ੇਵਰ ਨੈਤਿਕਤਾ ਨਾਲ ਜੁੜੇ ਮਾਮਲਿਆਂ ਨੂੰ ਵੀ ਦੇਖਦੀ ਹੈ। ਜ਼ਿਕਰਯੋਗ ਹੈ ਕਿ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਤੇ ਉਨ੍ਹਾਂ ਦੇ ਲਾਇਸੰਸ ਨਾਲ ਸੰਬੰਧਿਤ ਕੰਮ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ, ਜੋ ਕਿ ਇੱਕੋ ਦਫ਼ਤਰ ਵਿਖੇ ਸਥਿਤ ਹਨ।