ਅਗਲੀ ਗੱਲਬਾਤ ਤੋਂ ਪਹਿਲਾਂ ਪੰਜਾਬ ਸਰਕਾਰ ਸਤਿਕਾਰ ਸੋਧ ਕਾਨੂੰਨ ਦੇ ਅਮਲ ’ਤੇ ਮੁਕੰਮਲ ਰੋਕ ਲਗਾਵੇ-ਅਕਾਲ ਤਖ਼ਤ ਸਾਹਿਬ ਦੀ ਮਾਹਿਰ ਕਮੇਟੀ
ਸ੍ਰੀ ਅਨੰਦਪੁਰ ਸਾਹਿਬ, 7 ਨਵੰਬਰ (ਜੇ. ਐਸ.
ਸ੍ਰੀ ਅਨੰਦਪੁਰ ਸਾਹਿਬ, 7 ਨਵੰਬਰ (ਜੇ. ਐਸ. ਨਿੱਕੂਵਾਲ)-ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026’ ਦੇ ਮਾਮਲੇ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਕਾਨੂੰਨੀ ਮਾਹਿਰਾਂ ਅਤੇ ਵਿਦਵਾਨਾਂ ਆਧਾਰਤ ਕਮੇਟੀ ਦੀ ਅਹਿਮ ਇਕੱਤਰਤਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਸੋਧ ਕਾਨੂੰਨ 2026 ਸੰਬੰਧੀ ਬਣਾਈ ਗਈ ਤਾਲਮੇਲ ਕਮੇਟੀ ਦੇ ਨੋਡਲ ਅਫ਼ਸਰ ਵਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਮਾਹਿਰ ਕਮੇਟੀ ਨਾਲ ਗੱਲਬਾਤ ਕਰਨ ਲਈ ਲਿਖਿਆ ਗਿਆ ਸੀ। ਉਪਰੰਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਾਹਿਰ ਕਮੇਟੀ ਦੇ ਕੋਆਰਡੀਨੇਟਰ ਨੂੰ ਇਹ ਜਾਣਕਾਰੀ ਭੇਜਦਿਆਂ ਅਗਲੀ ਕਾਰਵਾਈ ਕਰਨ ਲਈ ਆਖਿਆ ਗਿਆ ਸੀ। ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜਸਟਿਸ ਸੇਵਾ ਮੁਕਤ ਰੁਪਿੰਦਰ ਸਿੰਘ ਸੋਢੀ, ਜਸਟਿਸ ਸੇਵਾ ਮੁਕਤ ਮਹਿੰਦਰ ਮੋਹਨ ਸਿੰਘ ਬੇਦੀ, ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ, ਸਿੱਖ ਵਿਦਵਾਨ ਡਾ. ਕੇਹਰ ਸਿੰਘ ਅਤੇ ਪ੍ਰੋ. ਜਗਮੋਹਨ ਸਿੰਘ ਸ਼ਾਮਲ ਸਨ। ਇਕੱਤਰਤਾ ਵਿਚ ਪੰਜਾਬ ਸਰਕਾਰ ਵਲੋਂ ਕਾਨੂੰਨ ਸੰਬੰਧੀ ਬਣਾਈ ਤਾਲਮੇਲ ਕਮੇਟੀ ਦੇ ਨੋਡਲ ਅਫ਼ਸਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਹਿਰ ਕਮੇਟੀ ਨਾਲ ਗੱਲਬਾਤ ਕਰਨ ਲਈ ਲਿਖੇ ਗਏ ਪੱਤਰ ਉੱਤੇ ਵਿਚਾਰ ਹੋਈ।ਕਮੇਟੀ ਨੇ ਦੀਰਘ ਵਿਚਾਰ ਵਟਾਂਦਰੇ ਉਪਰੰਤ ਫ਼ੈਸਲਾ ਕੀਤਾ ਕਿ ਗੱਲਬਾਤ ਅਗਾਂਹ ਵਧਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਬੀਤੀ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਪਾਲਣਾ ਕਰਦਿਆਂ ਸੋਧ ਕਾਨੂੰਨ ਦੇ ਅਮਲ ਉੱਤੇ ਮੁਕੰਮਲ ਰੋਕ ਲਗਾਵੇ ਅਤੇ ਆਦੇਸ਼ ਅਨੁਸਾਰ ਹੁਣ ਤੱਕ ਦੀ ਕੀਤੀ ਕਾਰਵਾਈ ਦੀ ਜਾਣਕਾਰੀ ਭੇਜੇ।