ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ 1153 ਤੇ ਅਧਿਆਪਕਾਂ ਦੀਆਂ 35 ਹਜ਼ਾਰ ਅਸਾਮੀਆਂ ਖ਼ਾਲੀ
ਫ਼ਰੀਦਕੋਟ, 11 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ 1,927 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 1153 ਅਸਾਮੀਆਂ ਖਾਲੀ ਪਈਆਂ ਹਨ। ਇਹ ਕੁੱਲ ਅਸਾਮੀਆਂ ਦਾ 59.
ਫ਼ਰੀਦਕੋਟ, 11 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲਾਂ ਦੀਆਂ 1,927 ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ 1153 ਅਸਾਮੀਆਂ ਖਾਲੀ ਪਈਆਂ ਹਨ। ਇਹ ਕੁੱਲ ਅਸਾਮੀਆਂ ਦਾ 59.83 ਫ਼ੀਸਦੀ ਬਣਦਾ ਹੈ। ਇਹ ਖੁਲਾਸਾ ਸਰਕਾਰੀ ਅੰਕੜੇ ਕਰਦੇ ਹਨ। ਇਹ ਵੀ ਜਾਣਕਾਰੀ ਹੈ ਕਿ ਸਕੂਲ ਸਿੱਖਿਆ ਵਿਭਾਗ ਵਲੋਂ ਤਰੱਕੀਆਂ ਰਾਹੀਂ ਇਹ ਅਸਾਮੀਆਂ ਭਰਨ ਦੀ ਕੋਸ਼ਿਸ਼ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਰੋਕ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਵਿਭਾਗ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਤਰੱਕੀਆਂ ਰਾਹੀਂ ਭਰਨ ਦੀ ਯੋਜਨਾ ’ਤੇ ਕੰਮ ਕਰ ਰਿਹਾ ਸੀ, ਪਰ ਹਾਈ ਕੋਰਟ ਨੇ ਇਸ ਪ੍ਰਕਿਰਿਆ ’ਤੇ 13 ਜਨਵਰੀ 2027 ਤੱਕ ਰੋਕ ਲਗਾ ਦਿੱਤੀ ਹੈ। ਇਹ ਹੁਕਮ ਇਕ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ ਗਏ ਸਨ, ਜਿਸ ਵਿਚ ਦਲੀਲ ਦਿੱਤੀ ਗਈ ਸੀ ਕਿ ਵੱਖ-ਵੱਖ ਕਾਡਰਾਂ ਦੀਆਂ ਵੱਖਰੀਆਂ ਸੀਨੀਆਰਤਾ ਸੂਚੀਆਂ ਨਾ ਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਹੀ ਢੰਗ ਨਾਲ ਸੰਭਾਲਿਆ ਗਿਆ ਹੈ। ਇਸ ਤੋਂ ਇਲਾਵਾ ਤਰੱਕੀ ਦੀ ਪ੍ਰਕਿਰਿਆ ਵੱਖ-ਵੱਖ ਮੁਲਾਜ਼ਮ ਵਰਗਾਂ ’ਤੇ ਲਾਗੂ ਦੋ ਸੇਵਾ ਨਿਯਮਾਂ ਦੀ ਉਲੰਘਣਾ ਕਰਦੀ ਹੈ। ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੋਸ਼ ਲਾਇਆ ਕਿ ਸਰਕਾਰ ਸਕੂਲਾਂ ਵਿਚ ਬੁਨਿਆਦੀ ਪ੍ਰਬੰਧਕੀ ਅਗਵਾਈ ਦੀ ਘਾਟ ਦੇ ਬਾਵਜੂਦ ਸਿੱਖਿਆ ਦੇ ਖੇਤਰ ਵਿਚ ਸਿਆਸੀ ਦਿਖਾਵਾ ਕਰ ਰਹੀ ਹੈ। ਪ੍ਰਿੰਸੀਪਲਾਂ ਦੀਆਂ ਅਸਾਮੀਆਂ ਦੀ ਘਾਟ ਸਭ ਤੋਂ ਵੱਧ ਮਾਨਸਾ ਅਤੇ ਐਸ.ਬੀ.ਐਸ. ਨਗਰ (ਨਵਾਂ ਸ਼ਹਿਰ) ਵਿਚ ਹੈ। ਮਾਨਸਾ ਵਿਚ ਪ੍ਰਿੰਸੀਪਲਾਂ ਦੀਆਂ ਕੁੱਲ 73 ਅਸਾਮੀਆਂ ਵਿਚੋਂ 63 ਖਾਲੀ ਹਨ, ਜਦਕਿ ਐਸ.ਬੀ.ਐਸ. ਨਗਰ ਵਿਚ 52 ਵਿਚੋਂ 45 ਅਸਾਮੀਆਂ ਖਾਲੀ ਹਨ। ਬਰਨਾਲਾ ਵਿਚ 78.72 ਫ਼ੀਸਦੀ, ਤਰਨਤਾਰਨ ਵਿਚ 77.92 ਫ਼ੀਸਦੀ ਅਤੇ ਮੋਗਾ ਵਿਚ 77.38 ਫ਼ੀਸਦੀ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ। ਮਾਲਵਾ ਖੇਤਰ ਵਿਚ ਮੋਗਾ ਜ਼ਿਲ੍ਹੇ ਵਿਚ 84 ਵਿਚੋਂ 65 ਅਸਾਮੀਆਂ, ਫ਼ਰੀਦਕੋਟ ਵਿਚ 42 ਵਿਚੋਂ 28 (66.67 ਫ਼ੀਸਦੀ), ਬਠਿੰਡਾ ਵਿਚ 88 (68.22 ਫ਼ੀਸਦੀ) ਅਤੇ ਸੰਗਰੂਰ ਵਿਚ 66 (69.47 ਫ਼ੀਸਦੀ) ਅਸਾਮੀਆਂ ਖਾਲੀ ਪਈਆਂ ਹਨ। ਕਪੂਰਥਲਾ ਵਿਚ 69.35 ਫ਼ੀਸਦੀ, ਜਲੰਧਰ ਵਿਚ 69.18 ਫ਼ੀਸਦੀ ਅਤੇ ਗੁਰਦਾਸਪੁਰ ਵਿਚ 60.68 ਫ਼ੀਸਦੀ ਅਸਾਮੀਆਂ ਖਾਲੀ ਹਨ, ਜੋ ਸੂਬੇ ਦੀ ਔਸਤ ਨਾਲੋਂ ਵੱਧ ਹਨ। ਜਲੰਧਰ ਜ਼ਿਲ੍ਹੇ ਵਿਚ ਸਭ ਤੋਂ ਵੱਧ 110 ਅਸਾਮੀਆਂ ਖਾਲੀ ਹਨ, ਜਦਕਿ ਲੁਧਿਆਣਾ 91 ਖਾਲੀ ਅਸਾਮੀਆਂ ਨਾਲ ਦੂਜੇ ਸਥਾਨ ’ਤੇ ਹੈ। ਦੂਜੇ ਪਾਸੇ ਫ਼ਾਜ਼ਿਲਕਾ ਵਿਚ 31.65 ਫ਼ੀਸਦੀ, ਪਟਿਆਲਾ ਵਿਚ 40.37 ਫ਼ੀਸਦੀ, ਪਠਾਨਕੋਟ ਵਿਚ 46.81 ਫ਼ੀਸਦੀ, ਸ੍ਰੀ ਮੁਕਤਸਰ ਸਾਹਿਬ ਵਿਚ 47.73 ਫ਼ੀਸਦੀ ਅਤੇ ਲੁਧਿਆਣਾ ਵਿਚ 50.28 ਫ਼ੀਸਦੀ ਅਸਾਮੀਆਂ ਖਾਲੀ ਹਨ। ਅੰਕੜਿਆਂ ਅਨੁਸਾਰ ਮੁਹਾਲੀ ਜ਼ਿਲ੍ਹੇ ਵਿਚ ਪ੍ਰਿੰਸੀਪਲ ਦੀ ਕੋਈ ਵੀ ਅਸਾਮੀ ਖਾਲੀ ਨਹੀਂ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਦਾਅਵਾ ਕੀਤਾ ਹੈ ਕਿ ਹੈੱਡਮਾਸਟਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ, ਅਧਿਆਪਕਾਂ, ਈ.ਟੀ.ਟੀ. ਅਧਿਆਪਕਾਂ ਅਤੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਕਰੀਬ 35 ਹਜ਼ਾਰ ਅਸਾਮੀਆਂ ਵੀ ਖਾਲੀ ਪਈਆਂ ਹਨ। ਜਥੇਬੰਦੀ ਨੇ ਦੋਸ਼ ਲਾਇਆ ਕਿ ਹਜ਼ਾਰਾਂ ਅਧਿਆਪਕਾਂ ਨੂੰ ਜਨਗਣਨਾ ਦੇ ਕੰਮ, ਵੋਟਰ ਸੂਚੀਆਂ ਦੀ ਐਸ.ਆਈ.ਆਰ ਅਤੇ ਹੋਰ ਗ਼ੈਰ-ਅਧਿਆਪਨ ਡਿਊਟੀਆਂ ਵਿਚ ਲਗਾਇਆ ਗਿਆ ਹੈ, ਜਿਸ ਕਾਰਨ ਸਕੂਲਾਂ ਵਿਚ ਪੜ੍ਹਾਈ ਦਾ ਕੰਮ ਹੋਰ ਵੀ ਪ੍ਰਭਾਵਿਤ ਹੋ ਰਿਹਾ ਹੈ।