ਭਾਰਤ ਵਿਚ ਟੀ.ਬੀ. ਕਾਰਨ ਹੋਣ ਵਾਲੀਆਂ ਮੌਤਾਂ ਵਿਚ 38 ਫ਼ੀਸਦੀ ਦੀ ਕਮੀ ਦਰਜ-ਰਿਪੋਰਟ
ਨਵੀਂ ਦਿੱਲੀ, 12 ਨਵੰਬਰ (ਪੀ. ਟੀ.
ਨਵੀਂ ਦਿੱਲੀ, 12 ਨਵੰਬਰ (ਪੀ. ਟੀ. ਆਈ.)-ਭਾਰਤ ਨੇ ਤਪਦਿਕ (ਟੀ.ਬੀ.) ਵਿਰੁੱਧ ਆਪਣੀ ਲੜਾਈ ਵਿਚ ਇਕ ਮਹੱਤਵਪੂਰਨ ਪੜਾਅ ਹਾਸਿਲ ਕੀਤਾ ਹੈ। 2015 ਤੋਂ ਲੈ ਕੇ ਹੁਣ ਤੱਕ ਟੀ.ਬੀ. ਕਾਰਨ ਹੋਣ ਵਾਲੀਆਂ ਮੌਤਾਂ ਵਿਚ 38 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਵਿਸ਼ਵ ਪੱਧਰ ‘ਤੇ ਇਹ ਕਮੀ 35 ਫ਼ੀਸਦੀ ਰਹੀ ਹੈ। ਇਸ ਦੇ ਨਾਲ ਹੀ ਦਵਾਈਆਂ ਪ੍ਰਤੀ ਸੰਵੇਦਨਸ਼ੀਲ ਟੀ.ਬੀ. ਵਾਲੇ ਮਰੀਜ਼ਾਂ ਦੇ ਇਲਾਜ ਵਿਚ 94 ਫ਼ੀਸਦੀ ਦੀ ਸ਼ਾਨਦਾਰ ਸਫਲਤਾ ਦਰ ਦਰਜ ਕੀਤੀ ਗਈ ਹੈ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਵੀਰਵਾਰ ਨੂੰ ਜਾਰੀ ਕੀਤੀ ਗਈ ਵਿਸ਼ਵ ਸਿਹਤ ਸੰਗਠਨ ਦੀ ‘ਗਲੋਬਲ ਟਿਊਬਰਕਿਊਲੋਸਿਸ ਰਿਪੋਰਟ 2026’ ਵਿਚ ਉਜਾਗਰ ਕੀਤੀਆਂ ਗਈਆਂ ਇਹ ਪ੍ਰਾਪਤੀਆਂ ਟੀ.ਬੀ. ਨੂੰ ਖਤਮ ਕਰਨ ਵੱਲ ਭਾਰਤ ਦੀ ਨਿਰੰਤਰ ਤਰੱਕੀ ਨੂੰ ਦਰਸਾਉਂਦੀਆਂ ਹਨ। ਇਹ ਤਰੱਕੀ ਬਿਮਾਰੀ ਦਾ ਜਲਦੀ ਪਤਾ ਲਗਾਉਣ, ਸਮੇਂ ਸਿਰ ਇਲਾਜ, ਤਕਨੀਕੀ ਨਵੀਨਤਾਵਾਂ ਅਤੇ ਮਰੀਜ਼ਾਂ ਦੀ ਵਿਆਪਕ ਦੇਖਭਾਲ ਰਾਹੀਂ ਸੰਭਵ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਮੌਤ ਦਰ ਵਿਚ ਆਈ ਇਹ ਕਮੀ ਟੀ.ਬੀ. ਨਾਲ ਸੰਬੰਧਿਤ ਮੌਤਾਂ ਨੂੰ ਘਟਾਉਣ ਵਿਚ ਦੇਸ਼ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਦਰਸਾਉਂਦੀ ਹੈ।