ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ’ਚ ਸੁਰੱਖਿਆ ਬਲਾਂ ਨੇ 74 ਅੱਤਵਾਦੀ ਮਾਰਨ ਦਾ ਕੀਤਾ ਦਾਅਵਾ
ਅੱਤਵਾਦੀਆਂ ਨੂੰ ਭਾਰਤ ਦੀ ਸ਼ਹਿ ਪ੍ਰਾਪਤ ਹੋਣ ਦੇ ਲਗਾਏ ਦੋਸ਼
ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ.
ਅੰਮ੍ਰਿਤਸਰ, 13 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਸੂਬਾ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ’ਚ ਸੁਰੱਖਿਆ ਬਲਾਂ ਵਲੋਂ ਫਿਤਨਾ-ਅਲ-ਖਵਾਰਿਜ ਨਾਲ ਸੰਬੰਧਿਤ 74 ਅੱਤਵਾਦੀ ਮਾਰੇ ਗਏ ਹਨ। ਆਈ. ਐੱਸ. ਪੀ. ਆਰ. ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੂੰ ਭਾਰਤ ਦੀ ਸ਼ਹਿ ਪ੍ਰਾਪਤ ਸੀ। ਫ਼ੌਜ ਦੇ ਮੀਡੀਆ ਵਿੰਗ ਅਨੁਸਾਰ ਸੁਰੱਖਿਆ ਬਲ ਬਲੋਚਿਸਤਾਨ ਦੇ ਕੋਇਟਾ ਜ਼ਿਲ੍ਹੇ ਦੇ ਕੁੱਰਮ ਇਲਾਕੇ ’ਚ ਫ਼ਿਤਨਾ-ਅਲ-ਖਵਾਰਿਜ ਅਤੇ ਫ਼ਿਤਨਾ-ਅਲ-ਹਿੰਦੁਸਤਾਨ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ’ਚ 31 ਅੱਤਵਾਦੀ ਮਾਰੇ ਗਏ। ਇਨ੍ਹਾਂ ਟਿਕਾਣਿਆਂ ਤੋਂ ਵੱਡੀ ਮਾਤਰਾ ’ਚ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਸਮਗਰੀ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਖ਼ੈਬਰ ਪਖਤੂਨਖਵਾ ’ਚ ਵੀ ਮੁਹਿੰਮ ਤੇਜ਼ ਕਰ ਦਿੱਤੀ ਹੈ, ਜਿਸ ਦਾ ਘੇਰਾ ਮੀਰ ਅਲੀ ਅਤੇ ਓਰਕਜ਼ਈ ਤੱਕ ਵਧਾ ਦਿੱਤਾ ਗਿਆ ਹੈ। ਪਿਛਲੇ 48 ਘੰਟਿਆਂ ਦੌਰਾਨ ਭਾਰੀ ਗੋਲੀਬਾਰੀ ’ਚ ਮੀਰ ਅਲੀ ਵਿਚ 35 ਅਤੇ ਓਰਕਜ਼ਈ ’ਚ 8 ਖਵਾਰਿਜ ਅੱਤਵਾਦੀ ਮਾਰੇ ਗਏ। ਦੋਵਾਂ ਸੂਬਿਆਂ ’ਚ ਮਾਰੇ ਗਏ ਅੱਤਵਾਦੀਆਂ ਦੀ ਕੁੱਲ ਗਿਣਤੀ 74 ਹੋ ਗਈ ਹੈ। ਫ਼ੌਜ ਨੇ ਇਨ੍ਹਾਂ ਆਪ੍ਰੇਸ਼ਨਾਂ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ।