ਪੰਜਾਬ ਦੇ ਕਰੀਬ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਬੀਜੇ ਜਾਣ ਆਸਾਰ
ਵੀਰਪਾਲ ਸਿੰਘ
ਬਠਿੰਡਾ, 14 ਨਵੰਬਰ-ਪੰਜਾਬ ਦੇ ਮਾਲਵਾ ਖੇਤਰ ਸਮੇਤ ਕਈ ਇਲਾਕਿਆਂ ਵਿਚ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਣਕ ਦੀ ਬਿਜਾਈ ਦਾ ਅਹਿਮ ਸੀਜ਼ਨ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਇਸ ਦੌਰਾਨ ਮਾਲਵੇ ਵਿਚ ਕਈ ਥਾਵਾਂ ਤੇ ਹਲਕਾ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਸਤਾਉਣ ਲੱਗਾ ਹੈ। ਖ਼ਾਸ ਕਰਕੇ ਮਾਲਵਾ ਖੇਤਰ ਦੇ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਸਮੇਤ ਹੋਰਨਾਂ ਇਲਾਕਿਆਂ ਵਿਚ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਤਿਆਰ ਕਰਕੇ ਕਣਕ ਬੀਜਣ ਦਾ ਕੰਮ ਜਾਰੀ ਹੈ। ਅਜਿਹੇ ਵਿਚ ਮੀਂਹ ਪੈਣ ਨਾਲ ਖੇਤਾਂ ਵਿਚ ਨਮੀ ਵੱਧਣ ਅਤੇ ਮਿੱਟੀ ਗਿੱਲੀ ਹੋਣ ਕਾਰਨ ਖੇਤੀ ਮਸ਼ੀਨਰੀ ਚਲਾਉਣ ਵਿਚ ਮੁਸ਼ਕਲ ਆ ਸਕਦੀ ਹੈ, ਜਿਸ ਨਾਲ ਬਿਜਾਈ ਦਾ ਕੰਮ ਪਛੜਨ ਦਾ ਖ਼ਦਸ਼ਾ ਹੈ। ਮੌਸਮ ਵਿਭਾਗ ਵਲੋਂ ਜਾਰੀ ਤਾਜ਼ਾ ਭਵਿੱਖਬਾਣੀ ਅਨੁਸਾਰ 15 ਨਵੰਬਰ ਨੂੰ ਪੰਜਾਬ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਸਵੇਰ ਅਤੇ ਰਾਤ ਸਮੇਂ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਚ ਆਉਣ ਵਾਲੀ ਇਸ ਤਬਦੀਲੀ ਕਾਰਨ ਕਿਸਾਨਾਂ ਦੀਆਂ ਨਜ਼ਰਾਂ ਹੁਣ ਅਸਮਾਨ ਵੱਲ ਲੱਗੀਆਂ ਹੋਈਆਂ ਹਨ। ਪੰਜਾਬ ’ਚ ਇਸ ਸੀਜ਼ਨ ਦੌਰਾਨ ਕਰੀਬ 34.5 ਤੋਂ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋਣ ਦਾ ਅਨੁਮਾਨ ਹੈ। ਖੇਤੀਬਾੜੀ ਨਾਲ ਸੰਬੰਧਿਤ ਤਾਜ਼ਾ ਅੰਕੜਿਆਂ ਅਨੁਸਾਰ 9 ਨਵੰਬਰ ਤੱਕ ਸੂਬੇ ਵਿਚ ਕਰੀਬ 16 ਲੱਖ ਹੈਕਟੇਅਰ ਰਕਬੇ ਵਿਚ ਹੀ ਕਣਕ ਦੀ ਬਿਜਾਈ ਹੋ ਸਕੀ ਸੀ, ਜੋ ਕੁੱਲ ਰਕਬੇ ਦਾ ਲਗਭਗ 46.1 ਫ਼ੀਸਦੀ ਬਣਦਾ ਹੈ। ਇਸ ਹਿਸਾਬ ਨਾਲ ਅਜੇ ਵੀ ਕਰੀਬ 18.5 ਤੋਂ 19 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਹੋਣੀ ਬਾਕੀ ਹੈ। ਜ਼ਿਲ੍ਹਾਵਾਰ ਅੰਕੜੇ ਵੀ ਮਾਲਵਾ ਖੇਤਰ ਵਿਚ ਬਿਜਾਈ ਦੀ ਹੌਲੀ ਰਫ਼ਤਾਰ ਵੱਲ ਇਸ਼ਾਰਾ ਕਰਦੇ ਹਨ। ਸ੍ਰੀ ਮੁਕਤਸਰ ਸਾਹਿਬ ਵਿਚ ਨਿਰਧਾਰਿਤ ਰਕਬੇ ਦਾ ਸਿਰਫ਼ 21.8 ਫ਼ੀਸਦੀ, ਬਠਿੰਡਾ ਵਿਚ 23.7 ਫ਼ੀਸਦੀ ਅਤੇ ਫਾਜ਼ਿਲਕਾ ਵਿਚ 25.3 ਫ਼ੀਸਦੀ ਰਕਬਾ ਹੀ ਕਣਕ ਦੀ ਬਿਜਾਈ ਹੇਠ ਆਇਆ ਸੀ। ਇਹ ਅੰਕੜੇ ਦਰਸਾਉਂਦੇ ਹਨ ਕਿ ਇਨ੍ਹਾਂ ਜ਼ਿਲਿ੍ਹਆਂ ਵਿਚ ਵੱਡੀ ਮਾਤਰਾ ਵਿਚ ਬਿਜਾਈ ਦਾ ਕੰਮ ਅਜੇ ਬਾਕੀ ਹੈ।
ਮਾਲਵੇ ’ਚ ਮੀਂਹ ਦੀ ਸੰਭਾਵਨਾ ਨੇ ਕਿਸਾਨਾਂ ਦੇ ਸਾਹ ਸੂਤੇ, ਕਣਕ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ
ਵੀਰਪਾਲ ਸਿੰਘ ਬਠਿੰਡਾ, 14 ਨਵੰਬਰ-ਪੰਜਾਬ ਦੇ ਮਾਲਵਾ ਖੇਤਰ ਸਮੇਤ ਕਈ ਇਲਾਕਿਆਂ ਵਿਚ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਣਕ ਦੀ ਬਿਜਾਈ ਦਾ ਅਹਿਮ ਸੀਜ਼ਨ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਇਸ ਦੌਰਾਨ ਮਾਲਵੇ ਵਿਚ ਕਈ ਥਾਵਾਂ ਤੇ ਹਲਕਾ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਸਤਾਉਣ ਲੱਗਾ ਹੈ।
ਅਜੀਤ ਡੈਸਕ
15-11-2026