ਭੋਗ ’ਤੇ ਵਿਸ਼ੇਸ਼ ਠੇਕੇਦਾਰ ਅਨੂਪ ਸਿੰਘ ਕੰਗ
ਰੂਪਨਗਰ-ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਜ਼ਿੰਦਗੀ ਵਿਚ ਸਫਲਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਸਵਰਗੀ ਠੇਕੇਦਾਰ ਅਨੂਪ ਸਿੰਘ ਕੰਗ ਦਾ ਜੀਵਨ ਸੰਘਰਸ਼ ਅਤੇ ਸਫਲਤਾ ਦੀ ਪ੍ਰੇਰਨਾਦਾਇਕ ਮਿਸਾਲ ਹੈ। ਉਨ੍ਹਾਂ ਨੇ ਬਹੁਤ ਛੋਟੇ ਪੱਧਰ ਤੋਂ ਕਾਰੋਬਾਰੀ ਸਫ਼ਰ ਸ਼ੁਰੂ ਕਰਕੇ ਅਨਾਜ ਮੰਡੀਆਂ ਦੀ ਠੇਕੇਦਾਰੀ, ਫੂਡ ਇੰਡਸਟਰੀ ਅਤੇ ਆੜ੍ਹਤ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ।
ਰੂਪਨਗਰ-ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਜ਼ਿੰਦਗੀ ਵਿਚ ਸਫਲਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਸਵਰਗੀ ਠੇਕੇਦਾਰ ਅਨੂਪ ਸਿੰਘ ਕੰਗ ਦਾ ਜੀਵਨ ਸੰਘਰਸ਼ ਅਤੇ ਸਫਲਤਾ ਦੀ ਪ੍ਰੇਰਨਾਦਾਇਕ ਮਿਸਾਲ ਹੈ। ਉਨ੍ਹਾਂ ਨੇ ਬਹੁਤ ਛੋਟੇ ਪੱਧਰ ਤੋਂ ਕਾਰੋਬਾਰੀ ਸਫ਼ਰ ਸ਼ੁਰੂ ਕਰਕੇ ਅਨਾਜ ਮੰਡੀਆਂ ਦੀ ਠੇਕੇਦਾਰੀ, ਫੂਡ ਇੰਡਸਟਰੀ ਅਤੇ ਆੜ੍ਹਤ ਦੇ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ। ਬਿਮਾਰੀ ਨਾਲ ਜੂਝਣ ਉਪਰੰਤ ਉਹ 10 ਨਵੰਬਰ 2026 ਨੂੰ ਅਕਾਲ ਚਲਾਣਾ ਕਰ ਗਏ। 25 ਮਈ 1972 ਨੂੰ ਪਿੰਡ ਬੰਦੇਸ਼ਾ ਕਲਾਂ, ਨੇੜੇ ਖਮਾਣੋਂ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਸਾਬਕਾ ਸਰਪੰਚ ਸ. ਜੁਗਿੰਦਰ ਸਿੰਘ ਕੰਗ ਦੇ ਘਰ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਜਨਮੇ ਅਨੂਪ ਸਿੰਘ ਕੰਗ ਨੇ ਮੁੱਢਲੀ ਸਿੱਖਿਆ ਡੀ.ਏ.ਵੀ. ਸਕੂਲ ਅਤੇ ਉੱਚ ਸਿੱਖਿਆ ਸਰਕਾਰੀ ਕਾਲਜ, ਰੂਪਨਗਰ ਤੋਂ ਪ੍ਰਾਪਤ ਕੀਤੀ। 2 ਫਰਵਰੀ 1992 ਨੂੰ ਉਨ੍ਹਾਂ ਦਾ ਵਿਆਹ ਬੀਬੀ ਗੁਰਿੰਦਰਪਾਲ ਕੌਰ ਨਾਲ ਹੋਇਆ। ਆਪਣੇ ਛੋਟੇ ਭਰਾ ਨਰਿੰਦਰ ਸਿੰਘ ਕੰਗ ਨਾਲ ਉਨ੍ਹਾਂ ਦਾ ਅਥਾਹ ਪਿਆਰ ਅਤੇ ਗੂੜ੍ਹੀ ਸਾਂਝ ਸੀ। ਉਨ੍ਹਾਂ ਦੇ ਪਰਿਵਾਰ ਵਿਚ ਬੇਟੀ ਨਵਜੋਤ ਕੌਰ ਕੰਗ ਹਨ। ਬੇਟੀ ਨਵਜੋਤ ਕੌਰ ਨੇ ਆਸਟੇ੍ਰਲੀਆ ਤੋਂ ਬਾਇਓਫੂਡ ਵਿਸ਼ੇ ਵਿਚ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ। ਕਾਰੋਬਾਰੀ ਸਫਲਤਾ ਦੇ ਨਾਲ-ਨਾਲ ਅਨੂਪ ਸਿੰਘ ਕੰਗ ਬੇਹੱਦ ਮਿਲਣਸਾਰ, ਹਸਮੁਖ ਅਤੇ ਹਰ ਕਿਸੇ ਦੇ ਕੰਮ ਆਉਣ ਵਾਲੇ ਇਨਸਾਨ ਸਨ। ਉਹ ਸੱਚੇ ਅਰਥਾਂ ਵਿਚ ਯਾਰਾਂ ਦੇ ਯਾਰ ਸਨ। ਬਿਮਾਰੀ ਨਾਲ ਲੰਬੀ ਜੱਦੋ-ਜਹਿਦ ਦੌਰਾਨ ਵੀ ਉਨ੍ਹਾਂ ਨੇ ਕਦੇ ਆਪਣੇ ਮੱਥੇ ’ਤੇ ਸ਼ਿਕਨ ਨਹੀਂ ਆਉਣ ਦਿੱਤੀ ਅਤੇ ਆਖ਼ਰੀ ਸਾਹਾਂ ਤੱਕ ਆਪਣੀ ਜ਼ਿੰਦਾ-ਦਿਲੀ ਬਰਕਰਾਰ ਰੱਖੀ। ਅਨੂਪ ਸਿੰਘ ਕੰਗ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 18 ਨਵੰਬਰ ਨੂੰ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ, ਨੇੜੇ ਹੈੱਡ ਵਰਕਸ, ਰੂਪਨਗਰ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗਾ। –ਸਤਨਾਮ ਸਿੰਘ ਸੱਤੀ