10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਸੀ. ਜੀ. ਐੱਸ. ਟੀ. ਸੁਪਰਡੈਂਟ ਰੰਗੇ ਹੱਥੀਂ ਗ੍ਰਿਫ਼ਤਾਰ
ਪੰਚਕੂਲਾ, 19 ਨਵੰਬਰ (ਕਪਿਲ)- ਕੇਂਦਰੀ ਜਾਂਚ ਬਿਊਰੋ (ਸੀ. ਬੀ.
ਪੰਚਕੂਲਾ, 19 ਨਵੰਬਰ (ਕਪਿਲ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਪੰਚਕੂਲਾ ਵਿਚ ਕਾਰਵਾਈ ਕਰਦਿਆਂ ਕੇਂਦਰੀ ਵਸਤੂ ਅਤੇ ਸੇਵਾ ਕਰ (ਸੀ. ਜੀ. ਐੱਸ. ਟੀ.) ਵਿਭਾਗ ਦੇ ਇਕ ਸੁਪਰਡੈਂਟ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਵਲੋਂ ਇਕ ਨਿੱਜੀ ਕੰਪਨੀ ਨੂੰ ਜੀ. ਐੱਸ. ਟੀ. ਮਾਮਲੇ ਵਿਚ ਰਾਹਤ ਦੇਣ ਅਤੇ ਜੁਰਮਾਨਾ ਨਾ ਲਗਾਉਣ ਬਦਲੇ ਰਿਸ਼ਵਤ ਮੰਗੀ ਗਈ ਸੀ। ਸੀ. ਬੀ. ਆਈ. ਵਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਮੁਲਜ਼ਮ ਸੁਪਰਡੈਂਟ ਪੰਚਕੂਲਾ ਵਿਚ ਤਾਇਨਾਤ ਸੀ। ਉਸ ਵਿਰੁੱਧ 19 ਨਵੰਬਰ ਨੂੰ ਇਕ ਨਿੱਜੀ ਕੰਪਨੀ ਦੇ ਭਾਈਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਨੇ ਕੰਪਨੀ ਨੂੰ ਜੀ. ਐੱਸ. ਟੀ. ਮਾਮਲੇ ਵਿਚ ਅਣਉਚਿਤ ਲਾਭ ਪਹੁੰਚਾਉਣ, ਭਾਰੀ ਜੁਰਮਾਨਾ ਨਾ ਲਗਾਉਣ ਅਤੇ ਅੱਗੇ ਡਿਮਾਂਡ ਨੋਟਿਸ ਜਾਰੀ ਨਾ ਕਰਨ ਬਦਲੇ ਪਹਿਲਾਂ 50 ਲੱਖ ਰੁ. ਦੀ ਰਿਸ਼ਵਤ ਮੰਗੀ ਸੀ, ਜਿਸ ਨੂੰ ਬਾਅਦ ਵਿਚ ਘਟਾ ਕੇ 20 ਲੱਖ ਰੁ. ਕਰ ਦਿੱਤਾ ਗਿਆ। ਜਾਂਚ ਦੌਰਾਨ ਰਿਸ਼ਵਤ ਮੰਗਣ ਦੇ ਦੋਸ਼ ਮੁੱਢਲੇ ਤੌਰ ‘ਤੇ ਸਹੀ ਪਾਏ ਜਾਣ ਤੋਂ ਬਾਅਦ ਮੁਲਜ਼ਮ ਨੇ ਰਿਸ਼ਵਤ ਦੀ ਰਕਮ ਵਧਾ ਕੇ 25 ਲੱਖ ਰੁ. ਕਰ ਦਿੱਤੀ ਅਤੇ ਪਹਿਲੀ ਕਿਸ਼ਤ ਵਜੋਂ 10 ਲੱਖ ਰੁ. ਲੈਣ ਲਈ ਸਹਿਮਤੀ ਦਿੱਤੀ। ਸੀ. ਬੀ. ਆਈ. ਨੇ ਜਾਲ ਵਿਛਾ ਕੇ ਮੁਲਜ਼ਮ ਨੂੰ 10 ਲੱਖ ਰੁ. ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।