ਮੋਗਾ, 31 ਦਸੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਲੈ ਕੇ ਹੁਣ ਤੱਕ ਪੰਜਾਬ ਵਾਸੀਆਂ ਲਈ ਅਨੇਕਾਂ ਹੀ ਇਤਿਹਾਸਕ ਫ਼ੈਸਲੇ ਲਏ ਹਨ | ਫਿਰ ਭਾਵੇਂ ਉਹ 600 ਯੂਨਿਟ ਮੁਫ਼ਤ ਬਿਜਲੀ ਦੀ ਗੱਲ ਹੋਵੇ, ਭਾਵੇਂ ਖੇਤਾਂ ਦੀ ਬਿਜਲੀ ਦਿਨ ਸਮੇਂ ਆਉਣ ਦੀ ਗੱਲ ਹੋਵੇ, ਭਾਵੇਂ ਨਹਿਰੀ ਪਾਣੀ ਲਈ ਕੱਸੀਆਂ, ਖਾਲ ਬਣਾਉਣ ਦੀ ਗੱਲ ਹੋਵੇ | ਇਸੇ ਲੜੀ ਤਹਿਤ ਮਾਨ ਸਰਕਾਰ ਪੰਜਾਬ ਵਾਸੀਆਂ ਨੂੰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਸ਼ੁਰੂ ਕਰਕੇ ਨਵੇਂ ਸਾਲ ਦਾ ਤੋਹਫ਼ਾ ਦੇਣ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮਿ੍ਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ ਨੇ 'ਅਜੀਤ' ਨਾਲ ਕੀਤਾ | ਖ਼ਾਲਸਾ ਨੇ ਇਸ ਯੋਜਨਾ ਨੂੰ ਨਵੇਂ ਸਾਲ 'ਚ ਸ਼ੁਰੂ ਕਰਨ 'ਤੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਫ਼ੈਸਲਾ ਪੰਜਾਬ ਵਾਸੀਆਂ ਖ਼ਾਸ ਕਰ ਮੱਧਵਰਗੀ ਤੇ ਗ਼ਰੀਬ ਪਰਿਵਾਰਾਂ ਲਈ ਬਹੁਤ ਵੱਡੀ ਰਾਹਤ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਸਿਹਤ ਬੀਮਾ ਯੋਜਨਾ ਤਹਿਤ ਸੂਬੇ 'ਚ ਵੱਸਦੇ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਨਗਦੀ ਰਹਿਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ | ਇਹ ਯੋਜਨਾ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ 'ਚ ਵੀ ਲਾਗੂ ਹੋਵੇਗੀ | ਲੋੜਵੰਦ ਵਿਅਕਤੀ ਜਿੱਥੋਂ ਮਰਜ਼ੀ ਆਪਣਾ ਇਲਾਜ ਕਰਵਾ ਸਕਦਾ ਹੈ ਜਿਸ ਨਾਲ ਆਪਣਿਆਂ ਦੇ ਇਲਾਜ ਦਾ ਖ਼ਰਚਾ ਉਨ੍ਹਾਂ ਦੀ ਜੇਬ 'ਤੇ ਨਹੀਂ ਪਵੇਗਾ | ਖ਼ਾਲਸਾ ਨੇ ਕਿਹਾ ਕਿ ਅਕਸਰ ਗੰਭੀਰ ਬਿਮਾਰੀਆਂ ਕਾਰਨ ਗ਼ਰੀਬ ਤੇ ਮੱਧਵਰਗੀ ਪਰਿਵਾਰ ਕਰਜ਼ੇ ਦੇ ਬੋਝ ਹੇਠ ਆ ਜਾਂਦੇ ਹਨ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕ-ਹਿਤੈਸ਼ੀ ਨੀਤੀਆਂ ਲਾਗੂ ਕਰ ਰਹੀ ਹੈ ਤੇ ਸਿਹਤ ਖੇਤਰ ਵਿਚ ਇਹ ਇਕ ਇਤਿਹਾਸਕ ਕਦਮ ਹੈ |