ਮੋਗਾ, ਨਿਹਾਲ ਸਿੰਘ ਵਾਲਾ, 2 ਜਨਵਰੀ (ਸੁਰਿੰਦਰਪਾਲ ਸਿੰਘ, ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਸਰਕਾਰ ਵਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਤੇ ਅਨਵਰ ਅਲੀ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪੂਰਨ ਸਿੰਘ ਧਾਲੀਵਾਲ ਮੁੱਖ ਅਫ਼ਸਰ ਥਾਣਾ ਨਿਹਾਲ ਸਿੰਘ ਵਾਲਾ ਵਲੋਂ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ | ਜਾਣਕਾਰੀ ਅਨੁਸਾਰ ਮਿਤੀ 1 ਜਨਵਰੀ 2026 ਨੂੰ ਪੂਰਨ ਸਿੰਘ ਧਾਲੀਵਾਲ ਮੁੱਖ ਅਫ਼ਸਰ ਥਾਣਾ ਨਿਹਾਲ ਸਿੰਘ ਵਾਲਾ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸੰਬੰਧ 'ਚ ਇਲਾਕਾ ਥਾਣਾ ਤੋਂ ਰਵਾਨਾ ਹੋਏ ਸੀ ਤਾਂ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਖ਼ਾਲਸਾ ਚੌਕ ਨਿਹਾਲ ਸਿੰਘ ਵਾਲਾ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੰਬਰ ਪੀ.ਬੀ. 02 ਈ.ਜੈਡ. 3585 ਜੋ ਪੁਲ ਸੇਮ ਨਾਲ ਬਾਹੱਦ ਬੀੜ ਰਾਊਕੇ ਦੀ ਪਟੜੀ 'ਤੇ ਦਰੱਖਤਾਂ ਦੇ ਓਹਲੇ ਖੜ੍ਹ ਕੇ ਗਾਹਕ ਦੀ ਉਡੀਕ ਕਰ ਰਹੇ ਹਨ | ਮੁਖ਼ਬਰ ਵਲੋਂ ਦੱਸੀ ਜਗ੍ਹਾ 'ਤੇ ਪੁਲਿਸ ਪਾਰਟੀ ਵਲੋਂ ਛਾਪੇਮਾਰੀ ਕੀਤੀ ਗਈ ਤਾਂ ਬੀੜ ਰਾਊਕੇ ਸੇਮ ਨਾਲੇ ਦੀ ਪਟੜੀ ਦੇ ਲਹਿੰਦੇ ਪਾਸੇ ਦੋ ਮੋਨੇ ਨੌਜਵਾਨ ਮੋਟਰਸਾਈਕਲ 'ਤੇ ਖੜ੍ਹੇ ਸਨ, ਜਿਨ੍ਹਾਂ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕੀਤਾ ਗਿਆ | ਦੋਸ਼ੀਆਂ ਦੀ ਪਹਿਚਾਣ ਅਰਸ਼ਦੀਪ ਸਿੰਘ ਉਰਫ਼ ਦਾਰਾ ਵਾਸੀ ਕਾਲੀਆ ਸਕੱਤਰਾ ਜ਼ਿਲ੍ਹਾ ਤਰਨਤਾਰਨ ਤੇ ਗੁਰਬੀਰ ਸਿੰਘ ਉਰਫ਼ ਗੋਰਾ ਵਾਸੀ ਮਲਕਾਵਾਦੀ ਅਮਰਕੋਟ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ | ਤਲਾਸ਼ੀ ਦੌਰਾਨ ਉਕਤ ਨੌਜਵਾਨਾਂ ਕੋਲੋਂ ਇਕ ਕਿੱਲੋ ਹੈਰੋਇਨ ਤੇ ਮੋਟਰਸਾਈਕਲ ਸਪਲੈਂਡਰ ਬਰਾਮਦ ਕੀਤਾ ਗਿਆ | ਥਾਣਾ ਮੁਖੀ ਪੂਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਨੰਬਰ 1 ਅਧੀਨ ਧਾਰਾਵਾਂ 21, 61, 85 ਐਨ.ਡੀ.ਪੀ.ਐਸ. ਐਕਟ ਦਰਜ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਇਨ੍ਹਾਂ ਨੂੰ ਅਦਾਲਤ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਫੜੀ ਗਈ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਤੇ ਅੱਗੇ ਕਿੱਥੇ ਕਿੱਥੇ ਸਪਲਾਈ ਕੀਤੀ ਜਾਣੀ ਸੀ | ਥਾਣਾ ਮੁਖੀ ਪੂਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਦੋਂ ਦਾ ਉਨ੍ਹਾਂ ਨੇ ਥਾਣਾ ਮੁਖੀ ਵਜੋਂ ਕਾਰਜ ਸੰਭਾਲਿਆ ਹੈ ਉਸ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਤੇ ਸਮਾਜ ਵਿਰੋਧੀ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਉਰਫ਼ ਦਾਰਾ ਵਾਸੀ ਕਾਲੀਆ ਸਕੱਤਰਾ ਜ਼ਿਲ੍ਹਾ ਤਰਨਤਾਰਨ ਖ਼ਿਲਾਫ਼ ਮੁਕੱਦਮਾ ਨੰਬਰ 53 ਮਿਤੀ 25 ਮਈ 2025 ਅਧੀਨ ਧਾਰਾਵਾਂ 25, 54, 59 ਆਰਮਜ਼ ਐਕਟ ਤਹਿਤ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਵਿਖੇ ਦਰਜ ਹਨ | ਇਸੇ ਤਰ੍ਹਾਂ ਗੁਰਬੀਰ ਸਿੰਘ ਉਰਫ਼ ਗੋਰਾ ਵਾਸੀ ਮਲਕਾਵਾਦੀ ਅਮਰਕੋਟ ਜ਼ਿਲ੍ਹਾ ਤਰਨਤਾਰਨ ਖ਼ਿਲਾਫ਼ ਮੁਕੱਦਮਾ 4 ਅਗਸਤ 2019 ਅਧੀਨ ਧਾਰਾਵਾਂ 21, 29, 61, 85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਵਲਟੋਹਾ ਜ਼ਿਲ੍ਹਾ ਤਰਨਤਾਰਨ ਵਿਖੇ ਦਰਜ ਹੈ |