ਠੱਠੀ ਭਾਈ, 5 ਜਨਵਰੀ (ਜਗਰੂਪ ਸਿੰਘ ਮਠਾੜੂ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਹਰਗੋਬਿੰਦ ਸਾਹਿਬ (ਕੇਰ ਵਾਲਾ) ਪਿੰਡ ਸੇਖਾ ਕਲਾਂ ਵਿਖੇ ਵਿਸ਼ਾਲ, ਅਲੌਕਿਕ ਅਤੇ ਨਿਵੇਕਲਾ ਨਗਰ ਕੀਰਤਨ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਭਾਵਨਾਵਾਂ ਨਾਲ ਸਜਾਇਆ ਗਿਆ | ਇਸ ਮੌਕੇ ਇਲਾਕੇ ਭਰ ਤੋਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਅਟੱਲ ਸ਼ਰਧਾ ਦਾ ਪ੍ਰਗਟਾਵਾ ਕੀਤਾ | ਨਗਰ ਕੀਰਤਨ ਦੀ ਵਿਲੱਖਣਤਾ ਅਤੇ ਮਹਾਨਤਾ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿੱਧੂ ਅਤੇ ਪ੍ਰਧਾਨ ਹਰਦੀਸ਼ ਸਿੰਘ ਸਿੱਧੂ ਨੇ ਦੱਸਿਆ ਕਿ ਪੁਰਾਤਨ ਸਮਿਆਂ ਤੋਂ ਲੈ ਕੇ ਅੱਜ ਤੱਕ ਇਹ ਨਗਰ ਕੀਰਤਨ ਇਕ ਖ਼ਾਸ ਪਰੰਪਰਾ ਅਨੁਸਾਰ ਸਜਾਇਆ ਗਿਆ | ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਨੂੰ ਸਿੱਖ ਸੰਗਤਾਂ ਵਲੋਂ ਮੋਢਿਆਂ 'ਤੇ ਚੁੱਕ ਕੇ ਪੂਰੇ ਨਗਰ ਵਿਚ ਪਰਿਕਰਮਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਹੇ ਕੀਰਤਨੀ ਜਥਿਆਂ ਵਲੋਂ ਪੈਦਲ ਚੱਲ ਕੇ ਗੁਰਬਾਣੀ ਕੀਰਤਨ ਕੀਤਾ ਗਿਆ, ਜਿਸ ਨਾਲ ਪੂਰਾ ਨਗਰ ਗੁਰਬਾਣੀ ਦੀ ਰੰਗਤ ਵਿਚ ਰੰਗਿਆਂ ਗਿਆ | ਸੰਗਤਾਂ ਵਲੋਂ ਪੂਰੇ ਦਿਨ ''ਸਤਿਨਾਮ ਵਾਹਿਗੁਰੂ'' ਦੇ ਜਾਪ ਨਾਲ ਗੁਰੂ ਸਾਹਿਬ ਦੀ ਮਹਿਮਾ ਗਾਈ ਗਈ ਅਤੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ ਗਿਆ | ਨਗਰ ਦੀਆਂ ਸੇਵਾਦਾਰ ਸੰਗਤਾਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ ਸੁੰਦਰ ਸਵਾਗਤੀ ਗੇਟ ਲਗਾਏ ਗਏ, ਫੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਨੂੰ ਨਿਮਰਤਾ ਨਾਲ ਸੀਸ ਨਿਵਾਇਆ ਗਿਆ | ਇਸ ਦੇ ਨਾਲ ਹੀ ਗਤਕਾ ਪਾਰਟੀਆਂ ਵਲੋਂ ਸ਼ਸਤਰ ਵਿੱਦਿਆ ਦੇ ਜੌਹਰ ਦਿਖਾਏ ਗਏ, ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ ਨਾਲ ਜੋੜਨ ਦਾ ਸੁਨੇਹਾ ਮਿਲਿਆ | ਅੰਤ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਦੀ ਸਫਲਤਾ ਲਈ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ |