ਮੋਗਾ, 5 ਜਨਵਰੀ (ਗੁਰਤੇਜ ਸਿੰਘ ਬੱਬੀ)- ਨਗਰ ਨਿਗਮ ਮੋਗਾ ਮੇਅਰ ਦੀ ਚੋਣ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਵੱਧ ਵਿਵਾਦਾਂ ਦੇ ਘੇਰੇ 'ਚ ਹੈ | ਦੱਸ ਦੇਈਏ ਕਿ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਉੱਪਰ ਰਿਸ਼ਵਤ ਲੈਣ ਦੇ ਲੱਗੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਨਗਰ ਨਿਗਮ ਦੇ ਮੇਅਰ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ ਆਰਜ਼ੀ ਮੇਅਰ ਨਿਯੁਕਤ ਕੀਤਾ ਸੀ ਪਰ ਨਗਰ ਨਿਗਮ ਮੋਗਾ ਦੇ ਰੂਲ ਐਕਟ ਅਨੁਸਾਰ ਮੇਅਰ ਵਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਇਕ ਮਹੀਨੇ ਦੇ ਅੰਦਰ-ਅੰਦਰ ਨਵੇਂ ਮੇਅਰ ਦੀ ਚੋਣ ਕਰਵਾਉਣੀ ਹੁੰਦੀ ਹੈ ਪਰ ਮੇਅਰ ਦੀ ਚੋਣ ਕਰਵਾਉਣ ਦੀ ਸੀਮਾ ਕਦੋਂ ਦੀ ਲੰਘ ਚੁੱਕੀ ਹੈ ਪਰ ਨਗਰ ਨਿਗਮ ਉਕਤ ਚੋਣ ਨਹੀਂ ਕਰਵਾ ਸਕਿਆ, ਜਿਸ ਨਾਲ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣ ਲੱਗੇ | ਗੌਰਤਲਬ ਹੈ ਕਿ ਦੂਸਰੀਆਂ ਪਾਰਟੀਆਂ ਦੇ ਕੌਂਸਲਰਾਂ ਨੇ ਇਸ ਚੋਣ ਸਬੰਧੀ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਲਿਖਤੀ ਮੰਗ ਪੱਤਰ ਵੀ ਦਿੱਤਾ ਸੀ ਅਤੇ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਸਮੇਂ ਸੀਮਾ ਅੰਦਰ ਚੋਣ ਨਾ ਕਰਵਾਈ ਗਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਜਿਸ ਨੂੰ ਲੈ ਕੇ ਸ਼ਹਿਰ ਦੇ ਕੁਝ ਕੌਂਸਲਰਾਂ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰ ਦਿੱਤੀ ਹੈ | ਨਗਰ ਨਿਗਮ ਮੋਗਾ ਅੰਦਰ ਮੇਅਰ ਦੀ ਚੋਣ ਨੂੰ ਲੈ ਕੇ ਸਿਵਲ ਸੁਸਾਇਟੀ ਦੇ ਕਾਰਕੁਨਾਂ ਨੇ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਵਿਹੜੇ 'ਚ ਇਕ ਇਜਲਾਸ ਵੀ ਬੁਲਾਇਆ ਸੀ ਅਤੇ ਉਸ ਇਜਲਾਸ ਵਿਚ ਨਿਗਮ ਦੇ ਸਾਬਕਾ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ, ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ, ਸਮਾਜਵਾਦੀ ਅਜੇ ਸੂਦ ਗੋਰਾ ਤੇ ਹੋਰ ਸ਼ਹਿਰ ਦੇ ਸਾਬਕਾ ਕੌਂਸਲਰ ਤੇ ਪਤਵੰਤੇ ਹਾਜ਼ਰ ਸਨ ਤੇ ਉਨ੍ਹਾਂ ਨਗਰ ਨਿਗਮ ਕਮਿਸ਼ਨਰ ਮੋਗਾ ਨੂੰ ਵੀ ਇਕ ਮੰਗ ਪੱਤਰ ਦਿੱਤਾ ਸੀ | ਜ਼ਿਕਰਯੋਗ ਹੈ ਕਿ ਨਗਰ ਨਿਗਮ ਅੰਦਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੋਣ ਕਰ ਕੇ ਉਸ ਸਮੇਂ ਦੇ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਨੇ ਸ਼ਹਿਰ ਦੀ ਪੜ੍ਹੀ ਲਿਖੀ ਤੇ ਸੂਝਵਾਨ ਔਰਤ ਨੀਤਿਕਾ ਭੱਲਾ ਦੇ ਹੱਥ ਨਗਰ ਨਿਗਮ ਮੋਗਾ ਦੇ ਮੇਅਰ ਦੀ ਡੋਰ ਦੇ ਦਿੱਤੀ ਸੀ ਅਤੇ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 'ਆਪ' ਦੀ ਸਰਕਾਰ ਬਣਦਿਆਂ ਹੀ ਮੌਜੂਦਾ ਵਿਧਾਇਕ ਨੇ ਆਪਣਾ ਹਰ ਹਰਬਾ ਵਰਤਦਿਆਂ ਕਾਂਗਰਸੀ ਮੇਅਰ ਦੇ ਹੱਥੋਂ ਮੇਅਰ ਦੀ ਡੋਰ ਖਿੱਚ ਕੇ 'ਆਪ' ਦੇ ਬਲਜੀਤ ਸਿੰਘ ਚਾਨੀ ਦੇ ਹੱਥ ਦੇ ਦਿੱਤੀ ਸੀ | ਹੁਣ ਵੇਖਣਾ ਇਹ ਹੋਵੇਗਾ ਕਿ ਅਦਾਲਤ 'ਚ ਪਟੀਸ਼ਨ ਦਾਇਰ ਹੋਣ ਨਾਲ ਨਗਰ ਨਿਗਮ ਮੋਗਾ ਕੀ ਕਰਵਟ ਬਦਲਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ | ਫ਼ਿਲਹਾਲ ਇਹ ਸੁਣਨ ਵਿਚ ਵੀ ਆਇਆ ਹੈ ਕਿ ਦੂਸਰੀਆਂ ਪਾਰਟੀਆਂ ਦੇ ਕੌਂਸਲਰ ਇਕ ਪਲੇਟਫ਼ਾਰਮ ਤਲਾਸ਼ ਰਹੇ ਹਨ ਅਤੇ ਜੇਕਰ ਕੌਂਸਲਰ ਇਕ ਪਲੇਟਫ਼ਾਰਮ ਤਲਾਸ਼ ਲੈਂਦੇ ਹਨ ਤਾਂ ਮੇਅਰ ਦੀ ਚੋਣ ਬੜੀ ਦਿਲਚਸਪ ਹੋਵੇਗੀ |