ਮੋਗਾ, 5 ਜਨਵਰੀ (ਅਸ਼ੋਕ ਬਾਂਸਲ)-ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਰਜਿ: ਪੰਜਾਬ ਜ਼ਿਲ੍ਹਾ ਮੋਗਾ ਨੇ ਸਾਬਕਾ ਗ੍ਰਹਿ ਮੰਤਰੀ ਅਤੇ ਪਾਰਟੀ ਦੇ ਸੰਸਥਾਪਕ ਬੂਟਾ ਸਿੰਘ ਦੀ ਚੌਥੀ ਬਰਸੀ ਬਸਤੀ ਲਾਲ ਸਿੰਘ ਬਹੋਨਾ ਚੌਕ ਪਾਰਟੀ ਦਫ਼ਤਰ ਵਿਖੇ ਮਨਾਈ | ਮੁੱਖ ਮਹਿਮਾਨ ਸੋਹਣ ਸਿੰਘ ਖ਼ਾਲਸਾ ਸਿੰਘਾਂ ਵਾਲਾ, ਪ੍ਰਧਾਨ ਸੁਖਮੰਦਰ ਸਿੰਘ ਮਾਸਟਰ, ਪਾਰਟੀ ਪ੍ਰਧਾਨ ਅਮਰਜੀਤ ਸਿੰਘ ਗਿੱਲ, ਅਸ਼ੋਕ ਧੁੰਨਾ, ਜਗਦੀਸ਼ ਸਿੰਘ ਦਿਸ਼ਾ, ਜਸਵੀਰ ਸਿੰਘ ਖ਼ਾਲਸਾ, ਹਰਮੇਸ਼ ਸਿੰਘ ਮੇਸ਼ੀ, ਲਖਵੀਰ ਸਿੰਘ ਲੱਖੀ, ਸਤਨਾਮ ਸਿੰਘ, ਜਗਦੇਵ ਸਿੰਘ ਖ਼ਾਲਸਾ, ਤਿਰਲੋਕ ਸਿੰਘ, ਜਨਰਲ ਸਕੱਤਰ ਹਰਬੰਸ ਸਾਗਰ, ਦਫ਼ਤਰ ਸਕੱਤਰ ਬੇਅੰਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸਵਰਗੀ ਬੂਟਾ ਸਿੰਘ ਦੀ ਤਸਵੀਰ 'ਤੇ ਸ਼ਰਧਾਂਜਲੀ ਭੇਟ ਕੀਤੀ | ਸੋਹਣ ਸਿੰਘ ਖ਼ਾਲਸਾ ਨੇ ਕਿਹਾ ਕਿ ਸਵਰਗੀ ਬੂਟਾ ਸਿੰਘ ਨੇ ਆਪਣਾ ਰਾਜਨੀਤਿਕ ਜੀਵਨ ਗ਼ਰੀਬਾਂ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਸਮਰਪਿਤ ਕੀਤਾ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਉਨ੍ਹਾਂ ਦੇ ਕੰਮ ਹਮੇਸ਼ਾ ਯਾਦ ਰੱਖੇ ਜਾਣਗੇ | ਇਸ ਮੌਕੇ ਪਾਰਟੀ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਬੂਟਾ ਸਿੰਘ ਲੋਕ ਸਭਾ ਮੈਂਬਰ ਰਹੇ, ਜਿਸ ਦੌਰਾਨ ਉਨ੍ਹਾਂ ਨੇ ਮਹੱਤਵ ਪੂਰਨ ਕੈਬਨਿਟ ਅਹੁਦਿਆਂ 'ਤੇ ਕੰਮ ਕੀਤਾ | ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਅਹੁਦਾ ਵੀ ਸੰਭਾਲਿਆ | ਇਸ ਮੌਕੇ ਪਾਰਟੀ ਦੇ ਦਫ਼ਤਰ ਸਕੱਤਰ ਬੇਅੰਤ ਸਿੰਘ ਨੇ ਸਾਰੇ ਵਰਕਰਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ |