ਮੋਗਾ, 5 ਜਨਵਰੀ (ਸੁਰਿੰਦਰਪਾਲ ਸਿੰਘ)-ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ, ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਵਲੋਂ ਸਰਕਾਰ ਬਣਨ ਤੋਂ ਪਹਿਲਾਂ ਅਧਿਆਪਕਾਂ ਦੀਆਂ ਰੈਲੀਆਂ 'ਚ ਜਾ ਕੇ ਇਹ ਭਰੋਸੇ ਦਿੱਤੇ ਗਏ ਸਨ ਕਿ ਸਰਕਾਰ ਬਣਨ ਦੇ ਪਹਿਲੇ ਦਿਨ ਸਾਡਾ ਹਰਾ ਪੈੱਨ ਤੁਹਾਡੇ ਹੱਕ ਵਿਚ ਚੱਲੇਗਾ | ਇਹ ਭਰੋਸਾ ਨਿਰਾ ਝੂਠ ਨਿਕਲਿਆ | ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਨਿੱਤ ਦਿਨ ਸੜਕਾਂ 'ਤੇ ਰੁਲ ਰਹੇ ਹਨ | ਉਨ੍ਹਾਂ ਵਲੋਂ ਪੜ੍ਹਾਏ ਗਏ ਵਿਦਿਆਰਥੀ ਅੱਜ ਵੱਡੇ ਵੱਡੇ ਅਹੁਦਿਆਂ 'ਤੇ ਕੰਮ ਕਰ ਰਹੇ ਹਨ ਪਰ ਉਹ ਠੇਕੇ ਦੀ ਨੌਕਰੀ ਦਾ ਸੰਤਾਪ ਹੰਢਾ ਰਹੇ ਹਨ | ਇਸੇ ਤਰ੍ਹਾਂ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨੇ ਅਨੇਕਾਂ ਵਾਰ ਭਰੋਸਾ ਦਿੱਤਾ ਪਰ ਉਨ੍ਹਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ | ਸਿੱਟੇ ਵਜੋਂ ਉਹ ਵੀ ਲਗਾਤਾਰ ਸੰਘਰਸ਼ ਦੇ ਮੈਦਾਨ ਵਿਚ ਹਨ | ਸਭ ਤੋਂ ਵੱਧ ਚਰਚਾ 'ਚ ਰਹੇ ਕੱਚੇ ਅਧਿਆਪਕ ਜੋ 20-20 ਸਾਲ ਤੋਂ ਨਿਗੂਣੀ ਤਨਖ਼ਾਹ 'ਤੇ ਕੰਮ ਕਰ ਰਹੇ ਹਨ, ਉਨ੍ਹਾਂ ਨਾਲ ਤਾਂ ਬਹੁਤ ਵੱਡਾ ਝੂਠ ਬੋਲਿਆ ਗਿਆ | ਉਨ੍ਹਾਂ ਦੇ ਤਨਖ਼ਾਹ ਵਾਧੇ ਨੂੰ ਹੀ ਪੱਕਾ ਕਰਨਾ ਦੱਸਿਆ ਗਿਆ ਤੇ ਉਹ ਅੱਜ ਵੀ ਆਪਣੇ ਰੈਗੂਲਰ ਹੋਣ ਲਈ ਸੜਕਾਂ 'ਤੇ ਹਨ | ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ, ਮੀਤ ਪ੍ਰਧਾਨ ਸਵਰਨਦਾਸ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਝੋਰੜਾਂ, ਸੰਯੁਕਤ ਸਕੱਤਰ ਅਮਨਦੀਪ ਮਾਛੀਕੇ, ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ | ਆਗੂਆਂ ਨੇ ਕਿਹਾ ਕਿ ਇਹ ਸਰਕਾਰ ਮੁਲਾਜ਼ਮਾਂ ਲਈ ਹੁਣ ਤੱਕ ਦੀ ਸਭ ਤੋਂ ਮਾੜੀ ਸਰਕਾਰ ਹੋ ਨਿੱਬੜੀ ਹੈ | ਆਗੂਆਂ ਨੇ ਅਧਿਆਪਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਾਲ ਜਦ ਮੰਤਰੀ ਵਿਧਾਇਕ ਅਧਿਆਪਕਾਂ ਦੇ ਘਰਾਂ ਵਿਚ ਵੋਟਾਂ ਮੰਗਣ ਆਉਣਗੇ ਤਾਂ ਅਧਿਆਪਕ ਉਨ੍ਹਾਂ ਤੋਂ ਆਪਣੀਆਂ ਇਨ੍ਹਾਂ ਜਾਇਜ਼ ਮੰਗਾਂ ਬਾਰੇ ਸਵਾਲ ਪੁੱਛਣ |