ਮੋਗਾ/ਕਿਸ਼ਨਪੁਰਾ ਕਲਾਂ, 5 ਜਨਵਰੀ (ਗੁਰਤੇਜ ਸਿੰਘ ਬੱਬੀ, ਅਮੋਲਕ ਸਿੰਘ ਕਲਸੀ)-ਰਾਮਗੜ੍ਹੀਆ ਯੂਥ ਆਰਗੇਨਾਈਜ਼ੇਸ਼ਨ ਨੇ ਭਾਈਚਾਰੇ ਦੀਆਂ ਸਰਗਰਮੀਆਂ ਨੂੰ ਨਵੀਂ ਦਿਸ਼ਾ ਦੇਣ ਅਤੇ ਨੌਜਵਾਨਾਂ ਨੂੰ ਇਕਜੁੱਟ ਕਰਕੇ ਸਮਾਜਕ ਚੇਤਨਾ ਪੈਦਾ ਕਰਨ ਦੇ ਮਕਸਦ ਨਾਲ ਹਰਪ੍ਰੀਤ ਸਿੰਘ ਖੀਵਾ ਨੂੰ ਮੋਗਾ ਦਾ ਸਕੱਤਰ ਜਨਰਲ ਨਿਯੁਕਤ ਕਰਕੇ ਸੰਸਥਾ ਨੂੰ ਨਵੀਂ ਤਾਕਤ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਮੋਗਾ ਅਤੇ ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਹਰਪ੍ਰੀਤ ਸਿੰਘ ਖੀਵਾ ਲੰਬੇ ਸਮੇਂ ਤੋਂ ਰਾਮਗੜ੍ਹੀਆ ਭਾਈਚਾਰੇ ਦੀਆਂ ਸਮੱਸਿਆਵਾਂ, ਹੱਕਾਂ ਅਤੇ ਸਮਾਜਕ ਮਸਲਿਆਂ ਨੂੰ ਲੈ ਕੇ ਮੈਦਾਨ 'ਚ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਹਮੇਸ਼ਾ ਨੌਜਵਾਨਾਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨ ਅਤੇ ਭਾਈਚਾਰੇ ਵਿਚ ਏਕਤਾ ਬਣਾਈ ਰੱਖਣ ਲਈ ਯਤਨ ਕਰਦੇ ਰਹਿੰਦੇ ਹਨ | ਪ੍ਰਧਾਨ ਕਮਲਜੀਤ ਸਿੰਘ ਮੋਗਾ ਨੇ ਕਿਹਾ ਕਿ ਹਰਪ੍ਰੀਤ ਸਿੰਘ ਖੀਵਾ ਦੀ ਨਿਯੁਕਤੀ ਨਾਲ ਰਾਮਗੜ੍ਹੀਆ ਯੂਥ ਆਰਗੇਨਾਈਜ਼ੇਸ਼ਨ ਦੀਆਂ ਸਰਗਰਮੀਆਂ 'ਚ ਤੇਜ਼ੀ ਆਵੇਗੀ ਅਤੇ ਸੰਸਥਾ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਨੌਜਵਾਨਾਂ ਨੂੰ ਜੋੜ ਕੇ ਭਾਈਚਾਰੇ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਚਾਰੇਗੀ | ਨਵੀਂ ਜ਼ਿੰਮੇਵਾਰੀ ਸੰਭਾਲਦੇ ਹੋਏ ਹਰਪ੍ਰੀਤ ਸਿੰਘ ਖੀਵਾ ਨੇ ਸੰਸਥਾ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਾਈਚਾਰੇ ਦੀ ਭਲਾਈ, ਨੌਜਵਾਨਾਂ ਦੀ ਜਾਗਰੂਕਤਾ ਅਤੇ ਸਮਾਜਕ ਸਰੋਕਾਰਾਂ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ | ਇਸ ਮੌਕੇ ਭਾਈਚਾਰੇ ਦੇ ਆਗੂਆਂ ਵਿਚ ਸਤਿਨਾਮ ਸਿੰਘ ਦਾਤੇਵਾਲ, ਮਨਜੀਤ ਸਿੰਘ ਧੰਮੂ, ਹਰਮੀਤ ਸਿੰਘ ਗੈਂਦ, ਗੁਰਮੀਤ ਸਿੰਘ ਪਨੇਸਰ, ਗੁਰਦੇਵ ਸਿੰਘ ਬੇਗਾ, ਗੁਰਪ੍ਰੀਤ ਸਿੰਘ ਹੈਪੀ, ਰਾਜਾ ਭਰਤ ਵਾਲੇ, ਚਮਕੌਰ ਸਿੰਘ ਝੰਡੇਆਣਾ, ਪਿ੍ਤਪਾਲ ਸਿੰਘ, ਹਰਮੇਲ ਸਿੰਘ ਡਰੋਲੀ ਆਦਿ ਸਮਾਜ ਸੇਵੀਆਂ ਅਤੇ ਨੌਜਵਾਨਾਂ ਵਲੋਂ ਹਰਪ੍ਰੀਤ ਸਿੰਘ ਖੀਵਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਗਈਆਂ ਅਤੇ ਉਮੀਦ ਜਤਾਈ ਗਈ ਕਿ ਉਹ ਸੰਸਥਾ ਦੀ ਸੋਚ 'ਤੇ ਖਰੇ ਉੱਤਰਨਗੇ |