ਕਿਸ਼ਨਪੁਰਾ ਕਲਾਂ, 5 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਅਮਰੀਕਾ ਦੇ ਪੁੱਤਰ, ਸਾਬਕਾ ਬਲਾਕ ਸੰਮਤੀ ਮੈਂਬਰ ਨਾਮੀ ਸ਼ਖ਼ਸੀਅਤ ਉੱਘੇ ਸਮਾਜ ਸੇਵੀ ਇੰਦਰਜੀਤ ਸਿੰਘ ਸ਼ਾਹ ਅਮਰੀਕਾ ਦੇ ਵੱਡੇ ਭਰਾ ਪ੍ਰਧਾਨ ਜਸਵੀਰ ਸਿੰਘ ਸ਼ਾਹ ਅਤੇ ਵਾਰਡ ਨੰਬਰ 08 ਦੇ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਔਲਖ ਨੇ ਪੰਜਾਬ ਸਰਕਾਰ ਵਲੋਂ ਕੁਝ ਪੱਤਰਕਾਰਾਂ, ਆਰ.ਟੀ. ਆਈ. ਕਾਰਕੰੁਨ ਤੇ ਯੂਟਿਊਬਰਾਂ 'ਤੇ ਮੁਕੱਦਮਾ ਦਰਜ ਕਰਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੀਡੀਆ ਦੀ ਆਜ਼ਾਦੀ 'ਤੇ ਅਜਿਹੇ ਹਮਲੇ ਬੰਦ ਕਰੇ | ਪੰਚ ਔਲਖ ਨੇ ਕਿਹਾ ਕਿ ਜਦੋਂ ਜ਼ਬਰ ਜ਼ੁਲਮ ਦਾ ਸ਼ਿਕਾਰ ਹੋਏ ਆਮ ਲੋਕਾਂ ਦੀ ਸਰਕਾਰੇ-ਦਰਬਾਰੇ ਸੁਣਵਾਈ ਨਹੀਂ ਹੁੰਦੀ ਤਾਂ ਆਖ਼ਰ ਮੀਡੀਆ ਹੀ ਉਨ੍ਹਾਂ ਦੀ ਆਵਾਜ਼ ਨੂੰ ਚੁੱਕ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦਾ ਹੈ ਤੇ ਜਦੋਂ ਕੋਈ ਵੀ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ 'ਤੇ ਖਰਾ ਨਹੀਂ ਉੱਤਰਦੀ ਤਾਂ ਉਸ ਦੀ ਵਾਅਦਾ ਖ਼ਿਲਾਫ਼ੀ ਨੂੰ ਵੀ ਇਹ ਮੀਡੀਆ ਲੋਕਾਂ ਵਿਚ ਉਜਾਗਰ ਕਰਦਾ ਹੈ, ਜੋ ਉਸ ਦਾ ਫ਼ਰਜ਼ ਬਣਦਾ ਹੈ, ਪਰ ਪੰਜਾਬ ਸਰਕਾਰ ਨੇ ਆਪਣੇ 'ਤੇ ਸਵਾਲ ਖੜ੍ਹੇ ਕਰਨ ਵਾਲੇ ਮੀਡੀਆ ਨੂੰ ਦਬਾਉਣ ਦਾ ਰਾਹ ਚੁਣਿਆ ਹੋਇਆ ਹੈ, ਜੋ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ | ਪ੍ਰਧਾਨ ਜਸਵੀਰ ਸਿੰਘ ਸ਼ਾਹ ਅਤੇ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹ ਇਸੇ ਮੀਡੀਆ ਸਹਾਰੇ ਸੱਤਾ 'ਤੇ ਕਾਬਜ਼ ਹੋਈ ਹੈ, ਪਰ ਹੁਣ ਉਨ੍ਹਾਂ ਸਾਧਨਾਂ ਦੀ ਆਵਾਜ਼ ਨੂੰ ਦਬਾਉਣਾ ਬਿਲਕੁਲ ਵੀ ਠੀਕ ਨਹੀਂ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਉਕਤ ਵਿਅਕਤੀਆਂ 'ਤੇ ਦਰਜ ਮੁਕੱਦਮੇ ਰੱਦ ਕੀਤੇ ਜਾਣ | ਇਸ ਮੌਕੇ ਸਾਬਕਾ ਸਰਪੰਚ ਕਰਨੈਲ ਸਿੰਘ, ਈਸ਼ਵਰ ਸਿੰਘ ਆੜ੍ਹਤੀਆ, ਪ੍ਰਧਾਨ ਇਕਬਾਲ ਸਿੰਘ ਘਾਲਾ, ਗੁਰਪ੍ਰੀਤ ਸਿੰਘ ਗੁਰੂ, ਬਿੱਲੂ ਬਰਾੜ ਆਦਿ ਹਾਜ਼ਰ ਸਨ |