ਮੋਗਾ, 5 ਜਨਵਰੀ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਪੰਜਾਬ ਦੀ ਜ਼ਿਲ੍ਹਾ ਮੋਗਾ ਇਕਾਈ ਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਬਹੁਤ ਸਾਰੇ ਬੈਂਕਾਂ ਖ਼ਾਸ ਕਰ ਕੇ ਬੈਂਕ ਆਫ਼ ਇੰਡੀਆ ਵਲੋਂ ਪੈਨਸ਼ਨਰਾਂ ਫੈਮਲੀ ਪੈਨਸ਼ਨਰਾਂ ਦੀਆਂ ਦਸੰਬਰ 2025 ਮਹੀਨੇ ਦੀਆਂ ਪੈਨਸ਼ਨਾਂ ਰੋਕ ਦਿੱਤੀਆਂ ਗਈਆਂ ਹਨ | ਮਿਲੀ ਜਾਣਕਾਰੀ ਅਨੁਸਾਰ ਬੈਂਕ ਅਧਿਕਾਰੀਆਂ ਅਨੁਸਾਰ ਭਾਵੇਂ ਪੈਨਸ਼ਨਰਾਂ ਨੇ ਡਿਜੀਟਲ ਸਰਟੀਫਿਕੇਟ ਆਨਲਾਈਨ ਕਰ ਦਿੱਤੇ ਹਨ ਪਰ ਉਨ੍ਹਾਂ ਦੀਆਂ ਹਾਰਡ ਕਾਪੀਆਂ ਨਾ ਪ੍ਰਾਪਤ ਹੋਣ ਕਾਰਨ ਪੈਨਸ਼ਨਾਂ ਰੋਕੀਆਂ ਗਈਆਂ ਹਨ, ਜਦੋਂ ਕਿ ਪੰਜਾਬ ਸਰਕਾਰ ਨੇ ਇਕ ਪੈਨਸ਼ਨਰ ਪੋਰਟਲ ਲਾਂਚ ਕਰ ਕੇ ਡਿਜੀਟਲ ਲਾਈਵ ਸਰਟੀਫਿਕੇਟ ਅਤੇ ਈ-ਕੇ.ਵਾਈ.ਸੀ. ਆਨਲਾਈਨ ਭਰਨ ਦੀ ਸਹੂਲਤ ਦਿੱਤੀ ਗਈ ਹੈ ਪਰ ਬੈਂਕ ਅਧਿਕਾਰੀਆਂ ਦਾ ਇਹ ਰਵੱਈਆ ਨਿੰਦਣਯੋਗ ਹੈ ਕਿ ਹਾਰਡ ਕਾਪੀ ਨਾ ਦੇਣ 'ਤੇ ਸਾਰੇ ਪੈਨਸ਼ਨਰਾਂ ਫੈਮਲੀ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕ ਦਿੱਤੀਆਂ ਹਨ | ਜਥੇਬੰਦੀ ਦੇ ਆਗੂਆਂ ਸੁਖਮੰਦਰ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ ਦੌਧਰ, ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਵਿੱਤ ਸਕੱਤਰ ਪ੍ਰੇਮ ਕੁਮਾਰ, ਇੰਦਰਜੀਤ ਸਿੰਘ ਸੋਹੀ, ਪਰਮਜੀਤ ਸਿੰਘ ਸੇਵਾ-ਮੁਕਤ ਸੁਪਰਡੈਂਟ, ਬਲਵੀਰ ਸਿੰਘ ਮੋਗਾ, ਬਿੱਕਰ ਸਿੰਘ ਮਾਛੀਕੇ, ਜਸਵੰਤ ਸਿੰਘ, ਸੁਰਿੰਦਰਪਾਲ ਸਿੰਘ, ਜ਼ੋਰਾਵਰ ਸਿੰਘ, ਕੇਹਰ ਸਿੰਘ ਕਿਸ਼ਨਪੁਰਾ ਆਦਿ ਆਗੂਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਰੋਕੀਆਂ ਗਈਆਂ ਹਨ ਅਤੇ ਬਕਾਏ ਦੀਆਂ ਕਿਸ਼ਤਾਂ ਨਹੀਂ ਪਾਈਆਂ ਗਈਆਂ, ਉਹ ਤੁਰੰਤ ਪਾਈਆਂ ਜਾਣ | ਜੇਕਰ 15 ਜਨਵਰੀ ਤੱਕ ਪੈਨਸ਼ਨਾਂ ਅਤੇ ਬਕਾਏ ਨਾ ਪਾਏ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਸੰਬੰਧਿਤ ਬੈਂਕਾਂ ਅੱਗੇ ਧਰਨੇ ਲਾਏ ਜਾਣਗੇ ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਬੈਂਕ ਅਧਿਕਾਰੀਆਂ ਦੀ ਹੋਵੇਗੀ |