ਬੁਢਲਾਡਾ, 6 ਜਨਵਰੀ (ਸਵਰਨ ਸਿੰਘ ਰਾਹੀ)- ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਨਗਰ ਪੰਚਾਇਤ ਬੋਹਾ ਦੀ ਨਵੀਂ ਵਾਰਡਬੰਦੀ ਅਤੇ ਨਕਸ਼ਾ ਰੱਦ ਕਰਨ ਦੀ ਮੰਗ ਸਬੰਧੀ ਐਸ.ਡੀ.ਐਮ ਬੁਢਲਾਡਾ ਨੂੰ ਮੰਗ ਪੱਤਰ ਦਿੱਤਾ ਗਿਆ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਅਤੇ ਸੀਨੀਅਰ ਆਗੂ ਬੱਲਮ ਸਿੰਘ ਕਲੀਪੁਰ ਨੇ ਦੱਸਿਆ ਕਿ ਨਗਰ ਪੰਚਾਇਤ ਬੋਹਾ ਦੇ ਵਾਰਡ ਨੰਬਰ 1 ਤੋਂ 13 ਤੱਕ ਦੀ ਕੀਤੀ ਗਈ ਨਵੀਂ ਵਾਰਡਬੰਦੀ 'ਚ ਐਸ.ਸੀ. ਅਤੇ ਬੀ.ਸੀ ਆਬਾਦੀ ਦੀ ਗਿਣਤੀ ਤੋੜ ਮਰੋੜ ਕੇ ਵੰਡਣ, ਵਾਰਡਾਂ ਦੀ ਗ਼ਲਤ ਕੀਤੀ ਰਿਜ਼ਰਵੇਸ਼ਨ ਅਤੇ ਵਾਰਡਾਂ ਦੀ ਨੰਬਰਿੰਗ 'ਤੇ ਜਥੇਬੰਦੀ ਵਲੋਂ ਇਤਰਾਜ਼ ਪੇਸ਼ ਕਰਦਿਆਂ ਸਰਕਾਰ ਪਾਸੋਂ ਇਸ ਨਵੀਂ ਵਾਰਡਬੰਦੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ | ਆਗੂਆਂ ਨੇ ਤਰਕ ਦਿੱਤਾ ਕਿ ਨਗਰ ਪੰਚਾਇਤ ਦੇ ਸਾਰੇ ਵਾਰਡਾਂ ਦੇ ਨੰਬਰ ਬਦਲ ਜਾਣ ਨਾਲ ਕਰੀਬ 13 ਹਜ਼ਾਰ ਤੋਂ ਵੱਧ ਲੋਕਾਂ ਦੇ ਪਤੇ ਵੀ ਬਦਲ ਜਾਣਗੇ | ਜਿਸ ਨਾਲ ਉਨ੍ਹਾਂ ਨੂੰ ਆਪਣੇ ਪਹਿਲਾਂ ਬਣੇ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਪਾਸਪੋਰਟ , ਬੈਂਕ ਖਾਤੇ, ਬੱਚਿਆਂ ਦੇ ਵਜ਼ੀਫ਼ੇ ਆਦਿ ਤੋਂ ਇਲਾਵਾ ਲੋਕ ਭਲਾਈ ਸਕੀਮਾਂ ਸਬੰਧੀ ਜ਼ਰੂਰੀ ਦਸਤਾਵੇਜ਼ਾਂ 'ਤੇ ਵੀ ਪਤੇ ਬਦਲਾਉਣ 'ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਜਨਤਕ ਸਮੱਸਿਆ ਨੂੰ ਧਿਆਨ 'ਚ ਰੱਖਦਿਆਂ ਨਵੀਂ ਵਾਰਡ ਬੰਦੀ ਰੱਦ ਕਰ ਕੇ ਪੁਰਾਣੀ ਵਾਰਡਬੰਦੀ ਨੂੰ ਹੀ ਬਹਾਲ ਰੱਖਿਆ ਜਾਵੇ | ਇਸ ਮੌਕੇ ਜਥੇਦਾਰ ਜੋਗਾ ਸਿੰਘ ਬੋਹਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੋਹਾ, ਗੁਰਦੀਪ ਸਿੰਘ ਟੋਡਰਪੁਰ, ਸਰਦੂਲ ਸਿੰਘ ਸਾਬਕਾ ਸਰਪੰਚ, ਸਤਵੰਤ ਸਿੰਘ, ਲਾਲਜੀਤ ਸਿੰਘ, ਗਗਨਦੀਪ ਸਿੰਘ ਆਦਿ ਆਗੂ ਹਾਜ਼ਰ ਸਨ |