ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਅੱਜ ਦੇਸ਼ ਭਰ ਵਿਚ ਬੈਂਕ ਕਰਮਚਾਰੀਆਂ ਵਲੋਂ ਹੜਤਾਲ ਕੀਤੀ ਗਈ | ਇਸ ਹੜਤਾਲ ਦਾ ਮੁੱਖ ਮਕਸਦ ਬੈਂਕਾਂ ਵਿਚ ਕੰਮ ਕਰਨ ਦੇ ਦਿਨ ਛੇ ਤੋਂ ਘਟਾ ਕੇ ਪੰਜ ਕਰਨ ਦੀ ਮੰਗ ਹੈ | ਇਸ ਦੇ ਨਾਲ ਹੀ ਕਰਮਚਾਰੀ ਇਹ ਵੀ ਮੰਗ ਕਰ ਰਹੇ ਹਨ ਕਿ ਭਾਰਤ ਵਿਚ ਵੀ ਹੋਰ ਦੇਸ਼ਾਂ ਵਾਂਗ ਚਾਰ ਦਿਨਾਂ ਦਾ ਬੈਂਕਿੰਗ ਸਿਸਟਮ ਲਾਗੂ ਕੀਤਾ ਜਾਵੇ | ਇਸ ਹੜਤਾਲ ਦੇ ਤਹਿਤ ਮੋਗਾ ਸ਼ਹਿਰ ਵਿਚ ਵੀ ਬੈਂਕ ਕਰਮਚਾਰੀਆਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਅਤੇ ਆਰ.ਬੀ.ਆਈ. ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਕਰਮਚਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਜ਼ੋਰਦਾਰ ਢੰਗ ਨਾਲ ਰੱਖੀਆਂ | ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਪਹਿਲਾਂ ਕੇਂਦਰ ਸਰਕਾਰ ਅਤੇ ਆਰ.ਬੀ.ਆਈ. ਨਾਲ ਸਹਿਮਤੀ ਬਣੀ ਸੀ, ਜਿਸ ਅਨੁਸਾਰ ਦੋ ਹਫ਼ਤੇ ਪੰਜ ਦਿਨ ਅਤੇ ਦੋ ਹਫ਼ਤੇ ਛੇ ਦਿਨ ਕੰਮ ਕਰਨ ਦੀ ਵਿਵਸਥਾ ਲਾਗੂ ਕੀਤੀ ਗਈ ਸੀ ਪਰ ਹੁਣ ਕਈ ਦੇਸ਼ਾਂ ਵਿਚ ਬੈਂਕਾਂ ਵਿਚ ਸਿਰਫ਼ ਚਾਰ ਦਿਨ ਕੰਮ ਕਰਨ ਦੀ ਪ੍ਰਥਾ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਭਾਰਤ ਵਿਚ ਵੀ ਬੈਂਕ ਕਰਮਚਾਰੀਆਂ 'ਤੇ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ, ਜਿਸ ਕਰ ਕੇ ਚਾਰ ਦਿਨਾਂ ਦਾ ਕੰਮਕਾਜ ਲਾਜ਼ਮੀ ਬਣਦਾ ਜਾ ਰਿਹਾ ਹੈ |