ਨੱਥੂਵਾਲਾ ਗਰਬੀ, 2 ਫਰਵਰੀ (ਨਵਦੀਪ ਸਿੰਘ)-ਪਿਛਲੀ ਵਾਰ ਜਦ ਪ੍ਰਧਾਨ ਮੰਤਰੀ ਪੰਜਾਬ ਫੇਰੀ 'ਤੇ ਆਏ ਸਨ ਤਾਂ ਕਿਸਾਨ ਜਥੇਬੰਦੀਆਂ ਵਲੋਂ ਡਟਵਾਂ ਵਿਰੋਧ ਕੀਤਾ ਗਿਆ ਸੀ ਤੇ ਪੰਜਾਬ ਦੇ ਬੀ.ਜੇ.ਪੀ. ਆਗੂ ਅਤੇ ਗੱਠਜੋੜ ਪਾਰਟੀਆਂ ਕਿਸਾਨ ਜਥੇਬੰਦੀਆਂ ਨੂੰ ਦੋਸ਼ ਦਿੰਦੀਆਂ ਸਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਬਹੁਤ ਕੁਝ ਦੇ ਕੇ ਜਾਣਾ ਸੀ ਪਰ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਉਹ ਨਿਰਾਸ਼ ਹੋ ਕੇ ਵਾਪਸ ਚਲੇ ਗਏ, ਪਰ ਇਸ ਵਾਰ ਕਿਸੇ ਕਿਸਾਨ ਜਥੇਬੰਦੀ ਵਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਪਰ ਇਸ ਵਾਰ ਨਰਿੰਦਰ ਮੋਦੀ ਪੰਜਾਬ ਲਈ ਕੁਝ ਖ਼ਾਸ ਪੈਕੇਜ ਨਹੀਂ ਲੈ ਕੇ ਆਏ ਇਸ ਗੱਲ ਨਾਲ ਕੁਝ ਨੇਤਾਵਾਂ ਦਾ ਇਹ ਭਰਮ ਦੂਰ ਹੋ ਗਿਆ ਕਿ ਕੇਂਦਰ ਪੰਜਾਬ ਲਈ ਕਿੰਨਾ ਕੁ ਫ਼ਿਕਰਮੰਦ ਹੈ | ਕਿਸਾਨ ਜਥੇਬੰਦੀਆਂ ਨੂੰ ਵੀ ਇਹ ਉਮੀਦ ਸੀ ਕਿ ਇਸ ਵਾਰ ਕਿਸਾਨਾਂ ਮਜ਼ਦੂਰਾਂ ਦੇ ਲਈ ਕੇਂਦਰ ਸਰਕਾਰ ਪੰਜਾਬ ਫੇਰੀ ਅਤੇ ਕੇਂਦਰੀ ਬਜਟ 'ਚ ਕੁਝ ਵੀ ਲਾਹੇਵੰਦ ਨਹੀਂ ਹੈ, ਸਗੋਂ ਕੇਂਦਰ ਸਰਕਾਰ ਨੇ ਯੂਰੀਆ 'ਤੇ ਸਬਸਿਡੀ ਘਟਾਉਣ ਦੀ ਯੋਜਨਾ ਬਣਾਈ ਹੋ ਸਕਦਾ 45 ਕਿੱਲੋ ਵਾਲਾ ਬੈਗ 40 ਕਿੱਲੋ ਦਾ ਹੋ ਜਾਵੇ | ਨਾ ਮਜ਼ਦੂਰ ਵਰਗ ਲਈ ਕੋਈ ਵਿਸ਼ੇਸ਼ ਪੈਕੇਜ ਹੈ | ਇਹ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰੀ ਬਜਟ 'ਚ ਡਾ. ਸੀਤਾ ਰਮਨ ਵਲੋਂ ਵੀ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਨਹੀਂ ਕੀਤਾ | ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਸ ਬਜਟ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੀ ਹੈ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਅਣਦੇਖਿਆ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਜੇਕਰ ਸਰਕਾਰ ਵਲੋਂ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਾ ਦਿੱਤਾ ਗਿਆ ਤਾਂ ਅਸੀ ਇਸ ਬਜਟ ਦੀਆਂ ਕਾਪੀਆਂ ਸਾੜਾਂਗੇ |