ਬਾਘਾ ਪੁਰਾਣਾ, 5 ਫਰਵਰੀ (ਟਿੰਕੂ ਕਾਠਪਾਲ)-ਇੱਥੋਂ ਥੋੜੀ ਦੂਰੀ 'ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਰੰਜਿਸ਼ ਕਾਰਨ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਮੁਲਜ਼ਮ ਨੂੰ ਅਸਲੇ ਸਮੇਤ ਕਾਬੂ ਕਰ ਲਿਆ ਹੈ ਅਤੇ ਉਸ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਪਹਿਚਾਣ ਜਸਪ੍ਰੀਤ ਸਿੰਘ ਨਿਵਾਸੀ ਪਿੰਡ ਗਿੱਦੜਵਿੰਡੀ (ਲੁਧਿਆਣਾ) ਵਜੋਂ ਹੋਈ ਹੈ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਮੋਗਾ ਅਤੇ ਬਾਅਦ ਵਿਚ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਇੰਸ: ਜਤਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੀ ਮਾਸੀ ਨੂੰ ਮਿਲਣ ਲਈ ਪਿੰਡ ਰਾਜੇਆਣਾ ਆਇਆ ਹੋਇਆ ਸੀ | ਇਸ ਦੌਰਾਨ ਉਹ ਆਪਣੇ ਦੋਸਤ ਸੁਖਦੀਪ ਸਿੰਘ ਉਰਫ਼ ਮਿੰਟੂ ਨਾਲ ਮੋਟਰਸਾਈਕਲ 'ਤੇ ਇਕ ਦੋਸਤ ਨੂੰ ਵਿਆਹ ਤੋਂ ਲੈਣ ਮੈਰਿਜ ਪੈਲੇਸ ਗਿਆ ਸੀ | ਉੱਥੇ ਕਥਿਤ ਮੁਲਜ਼ਮ ਅਮਰਨਾਥ ਉਰਫ਼ ਸੋਨੂੰ ਨਿਵਾਸੀ ਪਿੰਡ ਰਾਜੇਆਣਾ ਵੀ ਮੌਜੂਦ ਸੀ, ਜਿਸ ਦੀ ਸੁਖਦੀਪ ਸਿੰਘ ਨਾਲ ਪਹਿਲਾਂ ਤੋਂ ਹੀ ਰੰਜਿਸ਼ ਚੱਲ ਰਹੀ ਸੀ | ਪੁਲਿਸ ਅਨੁਸਾਰ ਕਥਿਤ ਮੁਲਜ਼ਮ ਨੇ ਉਨ੍ਹਾਂ ਨੂੰ ਦੇਖਦੇ ਹੀ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਉਨ੍ਹਾਂ ਵਲੋਂ ਇਤਰਾਜ਼ ਕੀਤਾ ਗਿਆ ਤਾਂ ਅਮਰਨਾਥ ਉਰਫ਼ ਸੋਨੂੰ ਨੇ ਆਪਣੀ ਡੱਬ ਵਿਚੋਂ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ, ਜੋ ਜਸਪ੍ਰੀਤ ਸਿੰਘ ਨੂੰ ਲੱਗੀ ਅਤੇ ਉਹ ਜ਼ਮੀਨ 'ਤੇ ਡਿੱਗ ਪਿਆ | ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਅਸਲੇ ਸਮੇਤ ਕਾਬੂ ਕਰ ਲਿਆ |