ਮੋਗਾ, 6 ਫਰਵਰੀ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ 'ਟੈਲੇਂਟ ਹੰਟ' ਮੁਕਾਬਲੇ ਦੀ ਲਰਨਿੰਗ ਫੀਲਡ ਸਕੂਲ ਮੋਗਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ, ਡਿਪਟੀ ਡੀ.ਈ.ਓ. ਸੈਕੰਡਰੀ ਮੋਗਾ ਗੁਰਦਿਆਲ ਸਿੰਘ ਮਠਾੜੂ ਅਤੇ ਨੋਡਲ ਅਫਸਰ ਜਸਪ੍ਰੀਤ ਕੌਰ ਪਿ੍ੰਸੀਪਲ ਸ.ਸ.ਸ.ਸ. ਡਰੋਲੀ ਭਾਈ ਦੀ ਅਗਵਾਈ ਹੇਠ ਕਰਵਾਏ ਗਏ | ਜਿਸ ਵਿਚ ਮੁੱਖ ਮਹਿਮਾਨ ਵਜੋਂ ਸਾਗਰ ਸੇਤੀਆ ਡਿਪਟੀ ਕਮਿਸ਼ਨਰ ਮੋਗਾ ਸ਼ਾਮਿਲ ਹੋਏ | ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 6 ਬਲਾਕਾਂ ਦੀਆਂ 45 ਟੀਮਾਂ ਨੇ ਸ਼ਬਦ ਗਾਇਨ, ਕਵੀਸ਼ਰੀ, ਲੋਕ ਗੀਤ ਅਤੇ ਲੋਕ ਨਾਚ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ | ਉਨ੍ਹਾਂ ਦੱਸਿਆ ਕਿ ਸ਼ਬਦ ਗਾਇਨ ਵੰਨਗੀ ਦੇ ਦੋਵਾਂ ਵਿੰਗਾਂ ਮਿਡਲ ਅਤੇ ਸੈਕੰਡਰੀ ਵਿਚ ਸ.ਸ.ਸ.ਸ. ਸਲ੍ਹੀਣਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ | ਲੋਕ ਨਾਚ ਦੇ ਮੁਕਾਬਲੇ ਵਿਚ ਸ.ਕ.ਸ.ਸ.ਸ. ਮੋਗਾ ਦੀ ਟੀਮ ਜੇਤੂ ਰਹੀ | ਕਵੀਸ਼ਰੀ ਮੁਕਾਬਲੇ ਵਿਚ ਸ.ਸ.ਸ.ਸ. ਮਾਣੂੰਕੇ ਦੀ ਟੀਮ ਨੇ ਪਹਿਲਾ ਸਥਾਨ ਤੇ ਲੋਕ ਗੀਤ ਵੰਨਗੀ ਵਿਚ ਸੰਤ ਦਰਬਾਰਾ ਸਿੰਘ ਸ.ਸ. ਸਕੂਲ ਲੋਪੋ ਨੇ ਪਹਿਲਾ ਸਥਾਨ ਹਾਸਲ ਕੀਤਾ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਕਿਹਾ ਕਿ ਬੱਚਿਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਅਜਿਹੇ ਮੁਕਾਬਲੇ ਹਰੇਕ ਸਾਲ ਜਾਰੀ ਰਹਿਣਗੇ | ਇਸ ਮੌਕੇ ਡਿਪਟੀ ਡੀ.ਈ.ਓ. ਸੈਕੰਡਰੀ ਮੋਗਾ ਗੁਰਦਿਆਲ ਸਿੰਘ ਮਠਾੜੂ ਨੇ ਲਰਨਿੰਗ ਫੀਲਡ ਸਕੂਲ ਦੇ ਚੇਅਰਮੈਨ ਪ੍ਰਵੀਨ ਗਰਗ ਅਤੇ ਜਨੇਸ਼ ਗਰਗ ਦਾ ਧੰਨਵਾਦ ਕੀਤਾ | ਨੋਡਲ ਅਫਸਰ ਪਿ੍ੰਸੀਸਲ ਜਸਪ੍ਰੀਤ ਕੌਰ ਅਤੇ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਮਹਿਮਾਨਾਂ ਅਤੇ ਟੀਮ ਇੰਚਾਰਜਾਂ ਦਾ ਧੰਨਵਾਦ ਕੀਤਾ |