ਮੱਖੂ, 21 ਫਰਵਰੀ (ਕੁਲਵਿੰਦਰ ਸਿੰਘ ਸੰਧੂ)-2023 ਵਿਚ ਹੜ੍ਹਾਂ ਕਾਰਨ ਦਰਿਆ ਏਰੀਏ ਵਿਚ ਆਪਣੀਆਂ ਮਾਲਕੀ ਜ਼ਮੀਨਾਂ ਬੀਜਣ ਵਾਲੇ ਕਿਸਾਨਾਂ ਨੂੰ ਜੋ ਘਾਟਾ ਪਿਆ ਹੈ ਉਹ ਜਲਦ ਪੂਰਾ ਨਹੀਂ ਹੋਣਾ | ਸਮਾਜ ਸੇਵੀ ਸੰਸਥਾ ਵਲੋਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਕੀਤੀ ਗਈ ਪਰ ਜ਼ਮੀਨ ਜੱਟ ਦੀ ਪਹਿਚਾਣ ਹੁੰਦੀ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨ ਆਗੂ ਗੁਰਵਿੰਦਰ ਸਿੰਘ ਢਿੱਲੋਂ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਅਤੇ ਗੁਰਪ੍ਰੀਤ ਸਿੰਘ ਪੀਰ ਮੁਹੰਮਦ ਪ੍ਰਧਾਨ ਕਿਸਾਨ ਯੂਥ ਵਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਬਲਾਕ ਮੱਖੂ ਦੇ ਪਿੰਡ ਵਾੜਾ ਕਾਲੀ ਰਾਓ ਅਤੇ ਰੁਕਨੇ ਵਾਲਾ ਵਿਖੇ ਜੋ ਬੰਨ੍ਹ ਨੂੰ ਢਾਹ ਲੱਗੀ ਸੀ ਉਸ ਨੂੰ ਰਾਜਨੀਤਿਕ, ਗੈਰ ਰਾਜਨੀਤਿਕ, ਕਿਸਾਨ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦੇ ਸਹਿਯੋਗ ਨਾਲ ਟੁੱਟਣੋਂ ਬਚਾ ਲਿਆ ਸੀ | ਪਰ ਇਨ੍ਹਾਂ ਬੰਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਵਾੜਾ ਕਾਲੀ ਰਾਓ ਤੋਂ ਲੈ ਕੇ ਇਤਿਹਾਸਿਕ ਨਗਰ ਫ਼ਤਿਹਗੜ੍ਹ ਸਭਰਾ ਤੱਕ ਬੰਨ੍ਹ ਨੂੰ ਪੂਰਾ ਮਜ਼ਬੂਤ ਕੀਤਾ ਜਾਵੇ | ਕਿਉਂਕਿ ਕਈਆਂ ਜਗ੍ਹਾ 'ਤੇ ਜਿਸ ਦਾ ਖੇਤ ਉਸ ਦੀ ਰੇਤ ਤਹਿਤ ਰੇਤ ਚੁੱਕਣ ਦੌਰਾਨ ਟਿੱਪਰਾਂ ਨਾਲ ਬੰਨ੍ਹ ਖ਼ਰਾਬ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਸ ਬੰਨ੍ਹ ਵੱਲ ਸਰਕਾਰ ਹੁਣ ਤੋਂ ਹੀ ਧਿਆਨ ਦੇ ਕੇ ਇਸ ਨੂੰ ਮਜ਼ਬੂਤ ਕਰੇ ਜਦ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਹੀ ਪ੍ਰਸ਼ਾਸਨ ਹਰਕਤ ਵਿਚ ਆਉਂਦਾ ਹੈ | ਜੇਕਰ ਇਸ ਵੱਲ ਪਹਿਲਾ ਧਿਆਨ ਦਿੱਤਾ ਜਾਵੇ ਤਾਂ ਕਿਸਾਨਾਂ ਦਾ ਨੁਕਸਾਨ ਹੋਣੋਂ ਬਚ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਜੋ ਸਾਰੇ ਦੇਸ਼ ਵਾਸੀਆਂ ਲਈ ਅਨਾਜ ਪੈਦਾ ਕਰਨ ਲਈ ਦਿਨ ਰਾਤ ਇਕ ਕਰ ਦਿੰਦਾ ਹੈ ਜੇਕਰ ਕਿਸਾਨ ਦੀ ਜ਼ਮੀਨ ਸਲਾਮਤ ਰਹੀ ਤਦ ਹੀ ਭਾਰਤ ਵਾਸੀ ਅਨਾਜ ਖਾ ਸਕਣਗੇ |