ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਅੰਗਕਾਰ ਕੇ.ਐਲ. ਗਰਗ ਦੁਆਰਾ ਕੀਤੀ ਗਈ | ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਜਰਨੈਲ ਸੇਖਾ, ਜਸਵਿੰਦਰ ਰੱਤੀਆਂ, ਪ੍ਰੀਤ ਮਨਪ੍ਰੀਤ ਅਤੇ ਨਵਨੀਤ ਸੇਖਾ ਬਿਰਾਜਮਾਨ ਹੋਏ | ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ 'ਧਨੁ ਲੇਖਾਰੀ ਨਾਨਕਾ' ਨਾਲ ਕੀਤੀ ਗਈ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਦੁਆਰਾ ਸਭ ਨੂੰ ਜੀ ਆਇਆਂ ਆਖਿਆ ਗਿਆ | ਇਸ ਮੌਕੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਚੁੱਕੇ ਸਾਹਿਤਕਾਰ ਸੁਰਿੰਦਰਪਾਲ ਕੌਰ ਬਰਾੜ, ਬਲਜੀਤ ਕੌਰ ਬੱਲੀ, ਨਵਰਾਹੀ ਘੁਗਿਆਣਵੀ ਅਤੇ ਲਾਲ ਸਿੰਘ ਦਸੂਹਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਪੰਜਾਬੀ ਸ਼ਾਇਰ ਚਰਨਜੀਤ ਸਮਾਲਸਰ ਵਲੋਂ ਵੱਖ-ਵੱਖ ਸਾਹਿਤਕਾਰਾਂ ਨੂੰ ਮਾਤ ਭਾਸ਼ਾ ਉੱਪਰ ਆਪਣੇ ਵਿਚਾਰ ਅਤੇ ਰਚਨਾਵਾਂ ਪੇਸ਼ ਕਰਨ ਲਈ ਸਟੇਜ 'ਤੇ ਸੱਦਾ ਦਿੱਤਾ ਗਿਆ | ਵੱਖ-ਵੱਖ ਸਾਹਿਤਕਾਰਾਂ ਦੁਆਰਾ ਪੰਜਾਬੀ ਮਾਤ ਭਾਸ਼ਾ ਦੀ ਸਥਿਤੀ ਅਤੇ ਦਰਪੇਸ਼ ਚੁਣੌਤੀਆਂ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਮਾਤ ਭਾਸ਼ਾ ਨੂੰ ਸਮਰਪਿਤ ਕਾਵਿ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ | ਅੱਜ ਦੇ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਕੈਨੇਡਾ ਤੋਂ ਪਹੁੰਚੇ ਪੰਜਾਬੀ ਦੇ ਪ੍ਰਸਿੱਧ ਬਹੁ ਵਿਧਾਵੀ ਲੇਖਕ ਜਰਨੈਲ ਸਿੰਘ ਸੇਖਾ, ਯੂ.ਕੇ. ਤੋਂ ਪਹੁੰਚੇ ਪ੍ਰਸਿੱਧ ਗਲਪਕਾਰ ਜਸਵਿੰਦਰ ਰੱਤੀਆਂ ਅਤੇ ਕੈਨੇਡਾ ਤੋਂ ਪਹੁੰਚੇ ਪ੍ਰਸਿੱਧ ਗ਼ਜ਼ਲਗੋ ਪ੍ਰੀਤ ਮਨਪ੍ਰੀਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਹਾਣੀਕਾਰ ਗੁਰਮੀਤ ਕੜਿਆਲਵੀ ਵਲੋਂ ਸਨਮਾਨਿਤ ਸ਼ਖ਼ਸੀਅਤਾਂ ਦੀ ਸਾਹਿਤਕ ਦੇਣ ਉੱਪਰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਚਾਨਣਾ ਪਾਇਆ ਗਿਆ | ਜਰਨੈਲ ਸੇਖਾ ਦੁਆਰਾ ਮਾਤ ਭਾਸ਼ਾ ਦੇ ਮਹੱਤਵ ਬਾਰੇ ਵਿਚਾਰ ਪੇਸ਼ ਕੀਤੇ ਗਏ | ਜਸਵਿੰਦਰ ਰੱਤੀਆਂ ਦੁਆਰਾ ਵਿਸ਼ਵ ਭਰ ਵਿਚ ਵੱਸਦੇ ਪੰਜਾਬੀਆਂ ਦੁਆਰਾ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਚਾਨਣਾ ਪਾਇਆ ਗਿਆ | ਪ੍ਰੀਤ ਮਨਪ੍ਰੀਤ ਦੁਆਰਾ ਪੰਜਾਬੀ ਭਾਸ਼ਾ ਦੀ ਸਦੀਵੀ ਤਰੱਕੀ ਦੀ ਕਾਮਨਾ ਕਰਦਿਆਂ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ ਗਈ | ਬਲਦੇਵ ਸਿੰਘ ਸੜਕਨਾਮਾ ਵਲੋਂ ਪੰਜਾਬੀ ਸਾਹਿਤਕਾਰਾਂ ਦੁਆਰਾ ਪੰਜਾਬੀ ਮਾਤ ਭਾਸ਼ਾ ਦੀ ਕੀਤੀ ਜਾ ਰਹੀ ਸੇਵਾ ਉੱਪਰ ਤਸੱਲੀ ਪ੍ਰਗਟ ਕੀਤੀ ਗਈ | ਕੇ.ਐਲ. ਗਰਗ ਦੁਆਰਾ ਵਿਸ਼ਵ ਭਰ ਦੀਆਂ ਸਮੁੱਚੀਆਂ ਕੌਮਾਂ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੰਦਿਆਂ ਸਮਾਗਮ ਵਿਚ ਪਹੁੰਚਣ 'ਤੇ ਸਮੂਹ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦਾ ਸਮੁੱਚਾ ਪ੍ਰਬੰਧ ਖੋਜ ਅਫ਼ਸਰ ਬਿਮਲ ਕੁਮਾਰ ਦੁਆਰਾ ਕੀਤਾ ਗਿਆ | ਸੀਨੀਅਰ ਸਹਾਇਕ ਨਵਦੀਪ ਸਿੰਘ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ | ਇਸ ਮੌਕੇ ਕਰਨਲ ਬਾਬੂ ਸਿੰਘ, ਜਸਵਿੰਦਰ ਧਰਮਕੋਟ, ਮੋਹੀ ਅਮਰਜੀਤ ਸਿੰਘ, ਅਮਰਪ੍ਰੀਤ ਕੌਰ ਸੰਘਾ, ਅਮਨਪ੍ਰੀਤ ਕੌਰ, ਡਾ. ਸਰਬਜੀਤ ਕੌਰ ਬਰਾੜ, ਸਰਬਜੀਤ ਕੌਰ ਮਾਹਲਾ, ਡਾ. ਸੁਰਜੀਤ ਸਿੰਘ ਦੌਧਰ, ਗੁਰਮੇਲ ਸਿੰਘ ਬੌਡੇ, ਜੰਗੀਰ ਸਿੰਘ ਖੋਖਰ, ਹਰਭਜਨ ਸਿੰਘ ਨਾਗਰਾ, ਅਵਤਾਰ ਕਮਾਲ, ਪਿ੍ੰ. ਅਵਤਾਰ ਸਿੰਘ ਕਰੀਰ, ਹਰਵਿੰਦਰ ਸਿੰਘ ਬਿਲਾਸਪੁਰ, ਸੋਮ ਸਿੰਘ ਰੱਤੀਆਂ, ਕੁਲਵੰਤ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ, ਨਰਿੰਦਰ ਰੋਹੀ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |