ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਟੀ.ਐਨ.ਸੀ. ਦੇ ਸਹਿਯੋਗ ਨਾਲ ਅਤੇ ਮਾਨਵ ਵਿਕਾਸ ਸੰਸਥਾਨ ਵਲੋਂ ਪੰਜਾਬ ਦੇ ਛੇ ਜ਼ਿਲਿ੍ਹਆਂ ਮਲੇਰਕੋਟਲਾ, ਮੋਗਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਪਟਿਆਲਾ ਅਤੇ ਜਲੰਧਰ ਵਿਚ ਲਾਗੂ ਕੀਤੇ ਜਾ ਰਹੇ ਪ੍ਰਾਣਾ ਪ੍ਰੋਜੈਕਟ ਤਹਿਤ ਮੋਗਾ ਜ਼ਿਲ੍ਹੇ ਵਿਚ ਇਕ ਮਹੱਤਵਪੂਰਨ ਸਟੇਕ ਹੋਲਡਰ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਟਿਕਾਊ, ਜਲਵਾਯੂ-ਸਮਰੱਥ ਅਤੇ ਨੋ-ਬਰਨ ਖੇਤੀਬਾੜੀ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਜ਼ਿਲ੍ਹਾ ਪੱਧਰ 'ਤੇ ਵੱਖ-ਵੱਖ ਭਾਗੀਦਾਰਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨਾ ਸੀ | ਮਾਨਵ ਵਿਕਾਸ ਸੰਸਥਾਨ ਵਲੋਂ ਇਸ ਸਾਲ ਮਹੱਤਵਪੂਰਨ ਪ੍ਰਗਤੀ ਦਰਜ ਕੀਤੀ ਗਈ ਹੈ | ਪ੍ਰੋਜੈਕਟ ਤਹਿਤ 7 ਹਜ਼ਾਰ ਤੋਂ ਵੱਧ ਏਕੜ ਵਿਚ ਡਾਇਰੈਕਟ ਸੀਡਡ ਰਾਈਸ ਅਤੇ 75 ਹਜ਼ਾਰ ਤੋਂ ਵੱਧ ਏਕੜ ਵਿਚ ਅਲਟਰਨੇਟ ਵੈਟਿੰਗ ਐਂਡ ਡਰਾਇੰਗ ਤਕਨੀਕ ਅਪਣਾਈ ਗਈ | ਇਸ ਤੋਂ ਇਲਾਵਾ 5 ਲੱਖ 20 ਹਜ਼ਾਰ ਏਕੜ ਖੇਤਰ ਕਰਾਪ ਰਿਜ਼ਿਡਿਊ ਮੈਨੇਜਮੈਂਟ ਦੇ ਅਧੀਨ ਲਿਆਂਦਾ ਗਿਆ, ਜਿਸ ਨਾਲ ਪਰਾਲੀ ਸਾੜਨ ਵਿਚ ਕਮੀ ਅਤੇ ਮਿੱਟੀ ਦੀ ਸਿਹਤ ਸੁਧਾਰ ਵੱਲ ਮਹੱਤਵਪੂਰਨ ਕਦਮ ਚੁੱਕਿਆ ਗਿਆ | ਵਰਕਸ਼ਾਪ ਵਿਚ ਖੇਤੀਬਾੜੀ ਵਿਭਾਗ ਤੋਂ ਗੁਰਮਿੰਦਰ ਸਿੰਘ, ਸੁਖਰਾਜ ਕੌਰ, ਕਿ੍ਸ਼ੀ ਵਿਗਿਆਨ ਕੇਂਦਰ ਤੋਂ ਡਾ. ਕਮਲਦੀਪ ਸਿੰਘ ਵਿਭਾਗਾਂ ਦੇ ਪ੍ਰਤੀਨਿਧੀਆਂ ਸਮੇਤ ਪ੍ਰਗਤੀਸ਼ੀਲ ਕਿਸਾਨਾਂ ਨੇ ਭਾਗ ਲਿਆ | ਮਾਨਵ ਵਿਕਾਸ ਸੰਸਥਾਨ ਦੀ ਟੀਮ ਵਲੋਂ ਦੱਸਿਆ ਗਿਆ ਕਿ ਪ੍ਰਾਣਾ ਪ੍ਰੋਜੈਕਟ ਕਿਸਾਨਾਂ ਦੀ ਸਮਰੱਥਾ ਵਧਾਉਣ, ਵਿਗਿਆਨਕ ਸਿਫ਼ਾਰਸ਼ਾਂ ਨੂੰ ਜ਼ਮੀਨੀ ਤਜਰਬੇ ਨਾਲ ਜੋੜਨ ਅਤੇ ਵਾਤਾਵਰਨ ਮਿੱਤਰ ਖੇਤੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਅਹਿਮ ਭੂਮਿਕਾ ਨਿਭਾ ਰਿਹਾ ਹੈ | ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਰਾਹੀਂ ਜਾਗਰੂਕਤਾ ਵਿਚ ਵਾਧਾ ਹੋ ਰਿਹਾ ਹੈ ਅਤੇ ਨੋ-ਬਰਣ ਖੇਤੀਬਾੜੀ ਵੱਲ ਸਕਾਰਾਤਮਿਕ ਬਦਲਾਅ ਆ ਰਿਹਾ ਹੈ | ਪ੍ਰਾਣਾ ਪ੍ਰੋਜੈਕਟ ਪੰਜਾਬ ਵਿਚ ਇਕ ਮਜ਼ਬੂਤ, ਲਾਭਕਾਰੀ ਅਤੇ ਜਲਵਾਯੂ-ਅਨੁਕੂਲ ਖੇਤੀ ਪ੍ਰਣਾਲੀ ਦੇ ਨਿਰਮਾਣ ਵੱਲ ਲਗਾਤਾਰ ਯੋਗਦਾਨ ਪਾ ਰਿਹਾ ਹੈ |