ਮੋਗਾ, 23 ਫਰਵਰੀ (ਅਸ਼ੋਕ ਬਾਂਸਲ)-ਸਰਵ ਸਮਾਜ ਸਮਰਸਤਾ ਸਮਿਤੀ ਪੰਜਾਬ ਦੇ ਅਹੁਦੇਦਾਰਾਂ ਪ੍ਰਧਾਨ ਨਰੇਸ਼ ਕੁਮਾਰ, ਜਨਰਲ ਸਕੱਤਰ ਡਾ.ਪੀ.ਸੀ. ਸਿੰਗਲਾ, ਮਾਤਿ੍ਸਕਤੀ ਪ੍ਰਮੁੱਖ ਡਾ. ਰਜਨੀ ਸਿੰਗਲਾ ਨੇ ਪ੍ਰਮੋਦ ਕੁਮਾਰ ਉੱਤਰ ਖੇਤਰ ਪ੍ਰਮੁੱਖ ਆਰ.ਐਸ.ਐਸ. ਦੀ ਅਗਵਾਈ ਵਿਚ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਸੰਤ ਬਾਬਾ ਬੇਦੀ ਰਾਮ ਦੇ ਡੇਰੇ ਦਰਬਾਰ ਬਾਬਾ ਖੇਤਰਪਾਲ ਦੀ ਲਾਇਬੇ੍ਰਰੀ ਨੂੰ ਧਾਰਮਿਕ, ਇਤਿਹਾਸਿਕ ਅਤੇ ਸਮਾਜਿਕ ਕਿਤਾਬਾਂ ਦਾ ਭੰਡਾਰ ਅਤੇ ਲਾਇਬ੍ਰੇਰੀ ਵਾਲੀਆਂ ਦੋ ਅਲਮਾਰੀਆਂ ਭੇਟ ਕੀਤੀਆਂ | ਇਸ ਮੌਕੇ ਆਗੂਆਂ ਨੇ ਆਖਿਆ ਕਿ ਆਮ ਲੋਕਾਂ ਨੂੰ ਭਾਰਤ ਦਾ ਇਤਿਹਾਸ ਅਤੇ ਭਾਰਤ ਦੇ ਧਰਮਾਂ ਬਾਰੇ ਅਤੇ ਭਾਰਤੀ ਸਮਾਜ ਬਾਰੇ ਸਹੀ ਜਾਣਕਾਰੀ ਨਹੀਂ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਲੋਕ ਉਸੇ ਹੀ ਤਰ੍ਹਾਂ ਇਸ ਨੂੰ ਆਮ ਤੌਰ 'ਤੇ ਮੰਨ ਲੈਂਦੇ ਹਨ | ਕਿਤਾਬਾਂ ਮਨੁੱਖ ਦੀਆਂ ਸਹੀ ਅਤੇ ਸੱਚੀਆਂ ਦੋਸਤ ਹੁੰਦੀਆਂ ਹਨ | ਇਹ ਇਰਾਦੇ ਨੂੰ ਲੈ ਕੇ ਹੀ ਸਮਾਜਿਕ ਸਮਰਸਤਾ ਸਮਿਤੀ ਪੰਜਾਬ ਸਮਾਜ ਨੂੰ ਇਕਜੁੱਟ ਕਰਨ ਵਾਸਤੇ ਵਚਨਬੱਧ ਹੈ | ਸਾਡਾ ਇਕ ਹੀ ਮਨੋਰਥ ਹੋਣਾ ਚਾਹੀਦਾ ਹੈ ਕੀ ਅਸੀਂ ਇਕ ਭਾਰਤ ਦੇ ਵਾਸੀ ਹਾਂ ਅਤੇ ਸਭ ਦਾ ਇਹ ਧਰਮ ਬਣਦਾ ਹੈ ਕਿ ਰਾਸ਼ਟਰ ਹਿਤ ਨੂੰ ਮੁੱਖ ਰੱਖ ਕੇ ਹੀ ਭਾਰਤ ਦੀ ਤਰੱਕੀ ਵਾਸਤੇ ਉਪਰਾਲੇ ਕਰੀਏ | ਪ੍ਰਮੋਦ ਕੁਮਾਰ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਸਮਾਜਿਕ ਸਮਰਸਤਾ ਸਮਿਤੀ, ਪੰਜਾਬ, ਹਮੇਸ਼ਾ ਤੁਹਾਡੇ ਸਹਿਯੋਗ ਵਾਸਤੇ ਉਪਲਬਧ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਨਹੀਂ ਭੁੱਲਣਾ ਚਾਹੀਦਾ, ਉਨ੍ਹਾਂ ਨੇ ਸਮਾਜ ਨੂੰ ਔਰੰਗਜ਼ੇਬ ਤੋਂ ਬਚਾਉਣ ਵਾਸਤੇ ਆਪਣੇ ਜੀਵਨ ਦੀ ਬਲੀ ਦੇ ਦਿੱਤੀ, ਇਸ ਤੋਂ ਵੱਡੀ ਕੁਰਬਾਨੀ ਦਾ ਉਦਾਹਰਨ ਸੰਸਾਰ ਵਿੱਚ ਨਹੀਂ ਮਿਲਦਾ | ਸੰਤ ਬਾਬਾ ਬੇਦੀ ਰਾਮ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਡੇਰਾ ਪਹਿਲਾਂ ਹੀ ਸਮਾਜਿਕ ਕੰਮਾਂ ਵਿਚ ਬੜਾ ਵਧ ਚੜ੍ਹ ਕੇ ਭਾਗ ਲੈਂਦਾ ਹੈ ਅਤੇ ਉਨ੍ਹਾਂ ਨੇ ਸਮਾਜਿਕ ਸਮਰਸਤਾ ਸਮਿਤੀ ਪੰਜਾਬ ਨੂੰ ਇਸ ਅਨਮੋਲ ਭੇਟ ਵਾਸਤੇ ਧੰਨਵਾਦ ਕੀਤਾ |