ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਕਿਸਾਨਾਂ ਦੀ ਆਲੂਆਂ ਦੀ ਰੁਲ ਰਹੀ ਫ਼ਸਲ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਤਿੰਨ ਘੰਟੇ ਲਈ ਧਰਨਾ ਲਗਾਇਆ ਗਿਆ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਦੀ ਰੁਲ ਰਹੀ ਫ਼ਸਲ ਆਲੂਆਂ ਦਾ ਘੱਟੋ-ਘੱਟ ਸਮਰਥਨ ਮੁੱਲ 20 ਰੁਪਏ ਕਿੱਲੋ ਤੈਅ ਕਰ ਕੇ ਸਰਕਾਰੀ ਖ਼ਰੀਦ ਦੀ ਗਰੰਟੀ ਕਰਨ ਦੀ ਮੰਗ ਕੀਤੀ ਗਈ ਹੈ | ਇਸ ਦੌਰਾਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕੇ ਪੰਜਾਬ ਵਿਚ ਕਰੀਬ 3 ਲੱਖ ਏਕੜ ਜ਼ਮੀਨ ਆਲੂਆਂ ਦੀ ਫ਼ਸਲ ਹੇਠ ਹੈ | ਆਲੂ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ 'ਚੋਂ ਇਕ ਹੈ | ਦੇਸ਼ ਦਾ 60 ਫ਼ੀਸਦੀ ਕਰੀਬ ਆਲੂ ਬੀਜ ਦੇ ਰੂਪ 'ਚ ਪੰਜਾਬ 'ਚੋਂ ਵਰਤਿਆ ਜਾਂਦਾ ਹੈ | ਇਸ ਅਹਿਮ ਫ਼ਸਲ ਨੂੰ ਰੁਲਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੋਗਾ ਦੇ ਜਰਨਲ ਸਕੱਤਰ ਚਮਕੌਰ ਸਿੰਘ ਰੋਡੇ, ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਕਿਹਾ ਕਿ ਇਸ ਸਾਲ ਗੰਨਾ, ਕਣਕ ਤੇ ਝੋਨੇ ਦਾ ਝਾੜ ਬਹੁਤ ਘੱਟ ਰਿਹਾ, ਉੱਪਰੋਂ ਹੜ੍ਹਾਂ ਦੀ ਮਾਰ ਪਈ, ਜਿਸ ਕਰ ਕੇ ਕਿਸਾਨੀ ਬਹੁਤ ਬੁਰੇ ਆਰਥਿਕ ਸੰਕਟ 'ਚ ਫਸ ਚੁੱਕੀ ਹੈ | ਹੁਣ ਆਲੂ 3 ਤੋਂ 5 ਰੁਪਏ ਦੇ ਦਰਮਿਆਨ ਵਿਕ ਰਿਹਾ, ਕਈ ਥਾਈਾ ਰੇਟ ਘੱਟ ਕਰ ਕੇ ਕਿਸਾਨਾਂ ਲਈ ਆਲੂ ਪੁੱਟਣ ਲਈ ਲੇਬਰ ਦੇ ਖ਼ਰਚੇ ਵੀ ਪੂਰੇ ਨਹੀਂ ਹੋਣੇ | ਕਿਰਤੀ ਕਿਸਾਨ ਯੂਨੀਅਨ ਨੇ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਭੇਜੇ ਗਏ ਤਹਿਸੀਲਦਾਰ ਅਮਨਦੀਪ ਸਿੰਘ ਮੋਗਾ ਜਰੀਏ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਮੰਗ ਪੱਤਰ ਵੀ ਸੌਂਪਿਆ ਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਆਲੂ, ਗੋਭੀ, ਮਟਰ, ਮੱਕੀ, ਮੂੰਗੀ ਤੇ ਬਾਸਮਤੀ ਦੀ ਐਮ.ਐਸ.ਪੀ. ਤਹਿਤ ਖ਼ਰੀਦ ਗਰੰਟੀ ਲਾਜ਼ਮੀ ਲਾਗੂ ਕਰੇ | ਧਰਨੇ ਵਿਚ ਵਿੱਤ ਸਕੱਤਰ ਕੁਲਜੀਤ ਸਿੰਘ ਪੰਡੋਰੀ, ਔਰਤ ਵਿੰਗ ਦੇ ਜ਼ਿਲ੍ਹਾ ਕਨਵੀਨਰ ਛਿੰਦਰਪਾਲ ਕੌਰ ਰੋਡੇ ਖ਼ੁਰਦ, ਯੂਥ ਆਗੂ ਬੇਅੰਤ ਸਿੰਘ ਮੱਲੇਆਣਾ, ਗੁਰਪ੍ਰੀਤ ਸਿੰਘ ਭੈਣੀ, ਸਾਰਜ ਸਿੰਘ ਪੰਡੋਰੀ, ਗੁਰਜਿੰਦਰ ਸਿੰਘ ਘੱਲ ਕਲਾਂ ਮੋਹਨ ਸਿੰਘ, ਅਵਤਾਰ ਸਿੰਘ ਡਾਲਾ, ਬੂਟਾ ਸਿੰਘ ਤਖਾਣਵੱਧ, ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ, ਤੀਰਥ ਸਿੰਘ ਘੱਲ ਕਲਾਂ, ਅਜਮੇਰ ਸਿੰਘ ਛੋਟਾਘਰ, ਕੁਲਦੀਪ ਖੁਖਰਾਣਾ, ਬਲਜੀਤ ਲੰਡੇ ਨੇ ਵੀ ਸੰਬੋਧਨ ਕੀਤਾ | ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਸਟੇਜ ਦਾ ਸੰਚਾਲਨ ਕੀਤਾ | ਅੰਤ ਵਿਚ ਔਰਤ ਵਿੰਗ ਦੇ ਜ਼ਿਲ੍ਹਾ ਕਨਵੀਨਰ ਛਿੰਦਰਪਾਲ ਕੌਰ ਰੋਡੇ ਖ਼ੁਰਦ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਲਜੀਤ ਕੌਰ, ਸੁਰਜੀਤ ਕੌਰ ਨੱਥੂਵਾਲਾ, ਨਿਰਮਲ ਸਿੰਘ, ਕੁਲਵੰਤ ਸਿੰਘ ਰਾਜੇਆਣਾ, ਗੁਰਮੇਲ ਲੰਡੇ, ਸੁਖਦੇਵ ਸਿੰਘ, ਜਸਵੰਤ ਸਿੰਘ ਮੰਗਾ,ਛਿੰਦਰ ਸਿੰਘ ਮੱਲੇਆਣਾ,ਹਰਮਨ ਸ਼ਾਹ, ਬਲਵਿੰਦਰ ਸਿੰਘ, ਚਮਕੌਰ ਢੁੱਡੀਕੇ, ਮਨਪ੍ਰੀਤ ਸਿੰਘ ਘੱਲ ਕਲਾਂ, ਲਖਵੀਰ ਸਿੰਘ ਰੋਡੇ ਚਰਨਜੀਤ ਸਿੰਘ, ਦਵਿੰਦਰ ਭੈਣੀ ਧਰਮ ਸਿੰਘ ਵਾਲਾ, ਸਰਬਜੀਤ ਲੰਗੇਆਣਾ, ਅਵਤਾਰ ਸਿੰਘ ਖਾਈ ਆਦਿ ਕਿਸਾਨ ਹਾਜ਼ਰ ਸਨ |