ਮੋਗਾ, 26 ਫਰਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-2027 ਦੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਉਣ ਵਾਲੇ ਦਿਨਾਂ ਵਿਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਹੀ ਹੈ | ਇਸ ਪਹਿਲਕਦਮੀ ਵਜੋਂ ਭਾਜਪਾ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ 'ਤੇ ਚਾਰ ਰੈਲੀਆਂ ਕਰੇਗੀ, ਜਿਸ ਵਿਚ ਇਕ ਭਾਜਪਾ ਕਿਸਾਨ ਰੈਲੀ, ਇਕ ਭਾਜਪਾ ਯੁਵਾ ਮੋਰਚਾ ਰੈਲੀ ਅਤੇ ਇਕ ਭਾਜਪਾ ਮਹਿਲਾ ਮੋਰਚਾ ਰੈਲੀ ਸ਼ਾਮਿਲ ਹੈ | ਪੰਜਾਬ ਕਿਸਾਨ ਰੈਲੀ ਜੋ ਕਿ ਮੋਗਾ ਮਾਲਵਾ ਵਿਚ ਹੋਵੇਗੀ, ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਕੇਂਦਰੀ ਤੇ ਸੂਬਾਈ ਭਾਜਪਾ ਆਗੂ 14 ਮਾਰਚ ਨੂੰ ਮੋਗਾ ਰੈਲੀ ਵਿਚ ਸ਼ਾਮਿਲ ਹੋਣਗੇ | ਉਹ ਪੰਜਾਬ ਭਰ ਦੇ ਕਿਸਾਨਾਂ ਨੂੰ ਸੰਬੋਧਨ ਕਰਨਗੇ | ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਦੇ ਕਲਿਆਣ ਲਈ ਕਈ ਐਲਾਨ ਕੀਤੇ ਜਾਣ ਦੀ ਉਮੀਦ ਹੈ | ਇਹ ਜਾਣਕਾਰੀ ਦਿੰਦੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਤਿਆਰੀਆਂ ਅਤੇ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ | ਉਨ੍ਹਾਂ ਦੱਸਿਆ ਕਿ 14 ਮਾਰਚ ਨੂੰ ਮੋਗਾ ਵਿਚ ਹੋਣ ਵਾਲੀ ਕਿਸਾਨ ਰੈਲੀ ਲਈ ਇਕ ਖਰੜਾ ਤਿਆਰ ਕੀਤਾ ਜਾਵੇਗਾ | ਕੇਂਦਰੀ ਅਤੇ ਪੰਜਾਬ ਭਾਜਪਾ ਪ੍ਰਧਾਨਾਂ, ਭਾਜਪਾ ਦੇ ਸੂਬਾ ਸੰਗਠਨ ਮੰਤਰੀ ਅਤੇ ਕੇਂਦਰੀ ਲੀਡਰਸ਼ਿਪ ਦੀਆਂ ਟੀਮਾਂ ਵੀ ਮੋਗਾ ਪਹੁੰਚਣਗੀਆਂ |