ਮੋਗਾ, 26 ਫਰਵਰੀ (ਜਸਪਾਲ ਸਿੰਘ ਬੱਬੀ)-ਸ਼ਹੀਦ ਬਾਬਾ ਖ਼ੁਸ਼ਹਾਲ ਸਕੂਲ ਚੜਿੱਕ (ਮੋਗਾ) ਵਿਖੇ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸੰਕਟਕਾਲੀਨ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ | ਇਸ ਮੌਕੇ 'ਤੇ ਕੁਦਰਤੀ ਆਫ਼ਤ ਪ੍ਰਬੰਧਨ ਵਿਭਾਗ ਤੋਂ ਰਾਮ ਚੰਦਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ, ਗੁਰਮੇਲ ਸਿੰਘ, ਅਮਨਦੀਪ ਕੌਰ ਪਿ੍ੰਸੀਪਲ ਨੇ ਸਵਾਗਤ ਕੀਤਾ | ਰਾਮ ਚੰਦਰ ਨੇ ਵਿਦਿਆਰਥੀਆਂ ਨੂੰ ਭੂਚਾਲ, ਹੜ੍ਹਾਂ, ਤੂਫ਼ਾਨ ਆਦਿ ਕੁਦਰਤੀ ਆਫ਼ਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਜਿਹੀਆਂ ਆਫ਼ਤਾਂ ਦੌਰਾਨ ਕਿਹੜੀਆਂ ਸਾਵਧਾਨੀਆਂ ਅਪਣਾਉਣੀਆਂ ਚਾਹੀਦੀਆਂ ਹਨ ਅਤੇ ਕਿਵੇਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ ਬਾਰੇ ਦੱਸਿਆ |