ਧਰਮਕੋਟ, 3 ਮਾਰਚ (ਪਰਮਜੀਤ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ, ਧਰਮਕੋਟ ਦੀ ਮੈਨੇਜਮੈਂਟ ਕਮੇਟੀ, ਕਾਲਜ ਦੇ ਪਿ੍ੰਸੀਪਲ ਇੰਚਾਰਜ ਡਾ. ਮਧੂ ਸ਼ਰਮਾ ਤੇ ਮਨਿਸਟਰੀ ਆਫ਼ ਇਨਵਾਇਰਨਮੈਂਟ, ਫੋਰਿਸਟ ਐਂਡ ਕਲਾਈਮੇਟ ਚੇਂਜ ਦੇ ਸਹਿਯੋਗ ਨਾਲ ਕਾਲਜ ਦੀ ਐਨ.ਐਸ.ਐਸ. ਯੂਨਿਟ ਅਧੀਨ ਵਾਤਾਵਰਨ ਸੁਰੱਖਿਆ ਲਈ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡਾ. ਪ੍ਰਵੀਨ ਗੋਇਲ ਐਨ.ਐਸ.ਐਸ. ਕੋਆਰਡੀਨੇਟਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਮੈਡਮ ਸੋਨੀਆ ਪ੍ਰੋਗਰਾਮ ਆਫ਼ੀਸਰ ਆਫ਼ ਮਾਈ ਭਾਰਤ ਪੋਰਟਲ ਹਾਜ਼ਰ ਹੋਏ | ਕਾਲਜ ਦੇ ਪਿ੍ੰਸੀਪਲ ਇੰਚਾਰਜ ਡਾ. ਮਧੂ ਸ਼ਰਮਾ ਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸ਼ਬਦ ਗਾ ਕੇ ਕੀਤੀ ਗਈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਐਨ.ਐਸ.ਐਸ. ਦੀਆਂ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਪੇਸ਼ ਕੀਤਾ ਗਿਆ | ਕਾਲਜ ਦੀ ਵਿਦਿਆਰਥਣ ਹਰਲੀਨ ਕੌਰ ਰੱਖੜਾ ਵਲੋਂ ਵਾਤਾਵਰਨ ਦਿਵਸ ਨਾਲ ਸੰਬੰਧਿਤ ਸਪੀਚ ਦਿੱਤੀ ਗਈ | ਐਨ.ਐਸ.ਐਸ. ਵਲੰਟੀਅਰਜ਼ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ | ਉਪਰੰਤ ਆਏ ਹੋਏ ਮਹਿਮਾਨਾਂ ਡਾ. ਪ੍ਰਵੀਨ ਗੋਇਲ ਤੇ ਮੈਡਮ ਸੋਨੀਆ ਵਲੋਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਖ਼ਤ ਮਿਹਨਤ ਕਰਨ ਤੇ ਸਮਾਜ ਸੇਵਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਪ੍ਰੋਗਰਾਮ ਦੇ ਅਖੀਰ ਵਿਚ ਡਾ. ਮਧੂ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਸਮਾਜ ਵਿਚ ਉਸਾਰੂ ਭੂਮਿਕਾ ਨਿਭਾਉਣ ਦਾ ਸੰਦੇਸ਼ ਦਿੱਤਾ | ਇਸ ਸਮੇਂ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |