ਠੱਠੀ ਭਾਈ, 6 ਮਾਰਚ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਠੱਠੀ ਭਾਈ ਵਿਖੇ ਗਲੀਆਂ-ਨਾਲੀਆਂ ਦੇ ਪਾਣੀ ਦੇ ਮਾਮੂਲੀ ਮਾਮਲੇ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਉਸ ਵੇਲੇ ਵੱਡਾ ਟਕਰਾਅ ਬਣ ਗਿਆ ਜਦ ਇਕ ਧਿਰ ਵਲੋਂ ਦੂਜੀ ਧਿਰ 'ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਦੇ ਨਜ਼ਦੀਕੀਆਂ ਨੂੰ ਸੱਦ ਕੇ ਉਨ੍ਹਾਂ ਦੇ ਬੱਚਿਆਂ, ਔਰਤਾਂ ਤੇ ਉਨ੍ਹਾਂ ਦੀ ਕੁੱਟਮਾਰ ਕਰਵਾ ਦਿੱਤੀ ਗਈ | ਇਸ ਸਭ ਦੀ ਸੂਚਨਾ ਜਦ ਪੀੜਤ ਪਰਿਵਾਰ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਤਾਂ ਉਕਤ ਮਸਲੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਦੇ ਕੈਮਰੇ ਤੇ ਪਰਿਵਾਰਕ ਮੈਂਬਰਾਂ ਦੇ ਫ਼ੋਨ ਵੀ ਸੱਤਾਧਾਰੀ ਪਾਰਟੀ ਦੇ ਬਾਹਰੋਂ ਆਏ ਹੋਏ ਵਿਅਕਤੀਆਂ ਨੇ ਖੋਹ ਲਏ | ਪੀੜਤ ਧਿਰ ਦੇ ਵਿਅਕਤੀਆਂ, ਔਰਤਾਂ ਤੇ ਬੱਚਿਆਂ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਦੂਜੀ ਧਿਰ ਵਲੋਂ ਉਨ੍ਹਾਂ ਦੇ ਘਰਾਂ ਅੱਗੇ ਆਪਣਾ ਗੰਦਾ ਪਾਣੀ ਉਨ੍ਹਾਂ ਦੀ ਨਾਲੀ ਵਿਚ ਪਾਇਆ ਜਾ ਰਿਹਾ ਸੀ, ਜਿਸ ਦਾ ਉਨ੍ਹਾਂ ਵਲੋਂ ਵਿਰੋਧ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਝਗੜਾ ਵੱਧ ਗਿਆ ਤੇ ਆਮ ਆਦਮੀ ਪਾਰਟੀ ਦੇ ਪਿੰਡ ਠੱਠੀ ਭਾਈ ਦੇ ਕੁਝ ਵਲੰਟੀਅਰਾਂ ਵਲੋਂ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦੇ ਕੁਝ ਨਜ਼ਦੀਕੀਆਂ ਪਿੰਡ ਲਧਾਈ ਕੇ ਤੋਂ ਵਿਧਾਇਕ ਦਾ ਪੀ.ਏ., ਪਿੰਡ ਸੁਖਾਨੰਦ ਦੇ ਸਰਪੰਚ ਸਮੇਤ ਹੋਰ ਕਈ ਆਮ ਆਦਮੀ ਪਾਰਟੀ ਦੇ ਹੋਰ ਪਿੰਡਾਂ ਤੋਂ ਅਣਪਛਾਤੇ ਵਿਅਕਤੀਆਂ ਨੂੰ ਮੌਕੇ 'ਤੇ ਬੁਲਾ ਲਿਆ ਜਿਨ੍ਹਾਂ ਨੇ ਸਾਡੇ ਬੱਚਿਆਂ, ਔਰਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਖਿੱਚ ਧੂਹ ਕਰਕੇ ਕੁੱਟਮਾਰ ਕੀਤੀ | ਪੀੜਤਾਂ ਦਾ ਇਹ ਵੀ ਦੋਸ਼ ਹੈ ਕਿ ਇਹ ਸਭ ਕੁਝ ਪੰਜਾਬ ਪੁਲਿਸ ਦੀ ਹਾਜ਼ਰੀ ਵਿਚ ਹੋਇਆ ਅਤੇ ਪੁਲਿਸ ਇਹ ਸਭ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ | ਇਸ ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਵਾਲਾ ਮਾਹੌਲ ਬਣ ਗਿਆ | ਇਸ ਘਟਨਾ ਦੀ ਸੂਚਨਾ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ, ਕਾਂਗਰਸ ਪਾਰਟੀ ਦੇ ਬਲਾਕ ਸਮਾਲਸਰ ਦੇ ਪ੍ਰਧਾਨ ਗੁਰਲਾਭ ਸਿੰਘ ਕਿੰਗਰਾ, ਸਮੇਤ ਵੱਡੀ ਗਿਣਤੀ ਵਿਚ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਵੀ ਘਟਨਾ ਸਥਾਨ 'ਤੇ ਪਹੁੰਚ ਕੇ ਪੀੜਤ ਪਰਿਵਾਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ | ਹਾਲਾਤ ਜਾਣਨ ਉਪਰੰਤ ਗੱਲਬਾਤ ਕਰਦਿਆਂ ਜਥੇਦਾਰ ਮਾਹਲਾ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾਂ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਦੀ ਸ਼ਹਿ 'ਤੇ ਉਸ ਦੇ ਨਜ਼ਦੀਕੀਆਂ ਵਲੋਂ ਕੀਤੀ ਗਈ ਗੁੰਡਾਗਰਦੀ, ਬੱਚਿਆਂ, ਔਰਤਾਂ ਅਤੇ ਪਰਿਵਾਰਿਕ ਮੈਂਬਰਾਂ ਦੀ ਕੀਤੀ ਗਈ ਖਿੱਚ ਧੂਹ ਅਤੇ ਕੁੱਟਮਾਰ ਦਾ ਇਨਸਾਫ ਲੈਣ ਲਈ ਉਹ ਹਰ ਇਕ ਸੰਘਰਸ਼ ਲੜਨਗੇ | ਦੇਰ ਸ਼ਾਮ ਵੱਡੀ ਗਿਣਤੀ ਲੋਕ ਥਾਣਾ ਸਮਾਲਸਰ ਪਹੁੰਚੇ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ | ਥਾਣਾ ਸਮਾਲਸਰ ਦੇ ਮੁੱਖ ਅਫ਼ਸਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਉਹ ਬਾਘਾ ਪੁਰਾਣਾ ਦੇ ਕਤਲ ਕਾਂਡ ਵਿਚ ਰੁੱਝੇ ਹੋਏ ਹਨ, ਜਿਸ ਤੋਂ ਵਿਹਲੇ ਹੋ ਕੇ ਇਸ ਮਾਮਲੇ ਸਬੰਧੀ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨਗੇ |