ਮੋਗਾ/ਕੋਟ ਈਸੇ ਖਾਂ, 10 ਮਾਰਚ (ਸੁਰਿੰਦਰਪਾਲ ਸਿੰਘ, ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਗ੍ਰਹਿ ਵਿਖੇ ਬੀਤੇ ਕੱਲ੍ਹ ਦੇਰ ਸ਼ਾਮ ਵਿਸ਼ੇਸ਼ ਫੇਰੀ ਪਾਈ ਗਈ | ਉਨ੍ਹਾਂ ਦੇ ਇੱਥੇ ਪੁੱਜਣ ਸਮੇਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਐਨ.ਆਰ.ਆਈ. ਇਕਬਾਲ ਸਿੰਘ ਸਮਰਾ, ਰੁਪਿੰਦਰ ਸਿੰਘ ਰਾਜੂ ਸਮਰਾ ਤੇ ਸਾਥੀਆਂ ਵਲੋਂ ਬੁੱਕਾ ਦੇ ਕੇ ਜੀ ਆਇਆਂ ਆਖਿਆ ਗਿਆ | ਲੋਹਗੜ੍ਹ ਪਰਿਵਾਰ ਕੋਲ ਪ੍ਰਤਾਪ ਸਿੰਘ ਬਾਜਵਾ ਕਰੀਬ ਢਾਈ ਘੰਟੇ ਰੁਕੇ ਅਤੇ ਪਾਰਟੀ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਲੋਹਗੜ੍ਹ ਪਰਿਵਾਰ ਦੀਆਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ | ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਵਿਚ ਪਿਛਲੇ ਕਰੀਬ ਚਾਰ ਸਾਲਾਂ ਤੋਂ 'ਆਪ' ਸਰਕਾਰ ਦਾ ਕਾਰਜਕਾਲ ਪੂਰਨ ਤੌਰ 'ਤੇ ਦਿਸ਼ਾਹੀਣ ਰਿਹਾ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸੂਬੇ ਦੀ ਕਿਸਾਨੀ, ਮੁਲਾਜ਼ਮ, ਨੌਜਵਾਨ, ਗਰੀਬ ਵਰਗ ਅਤੇ ਸਰਬਪੱਖੀ ਵਿਕਾਸ ਨੂੰ ਲੈ ਕੇ ਸੰਜੀਦਗੀ ਨਾਲ ਕੰਮ ਕਰਨ ਦੀ ਬਜਾਏ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਿਰਫ਼ ਫੋਕੀਆਂ ਬਿਆਨਬਾਜ਼ੀਆਂ ਤੱਕ ਹੀ ਸੀਮਤ ਰਹੇ | ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪ੍ਰਤਾਪ ਸਿੰਘ ਬਾਜਵਾ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਣ 'ਤੇ ਧੰਨਵਾਦ ਕੀਤਾ | ਇਸ ਮੌਕੇ ਐਨ.ਆਰ.ਆਈ. ਇਕਬਾਲ ਸਿੰਘ ਸਮਰਾ ਅਤੇ ਰੁਪਿੰਦਰ ਸਿੰਘ ਰਾਜੂ ਸਮਰਾ ਨੇ ਕਿਹਾ ਕਿ ਲੋਹਗੜ੍ਹ ਪਰਿਵਾਰ ਨੇ ਹਲਕਾ ਧਰਮਕੋਟ ਵਾਸੀਆਂ ਦੇ ਹਰ ਦੁੱਖ ਸੁੱਖ ਵਿਚ ਡਟ ਕੇ ਸਾਥ ਦਿੰਦਾ ਆ ਰਿਹਾ ਹੈ | ਇਸ ਮੌਕੇ ਗੁਰਮੁਖ ਸਿੰਘ ਗਲੋਟੀ, ਸੋਹਣ ਸਿੰਘ ਖੇਲਾ, ਰਾਜਵਿੰਦਰ ਸਿੰਘ ਕੜਾਹੇ ਵਾਲਾ, ਢੀਂਡਸਾ ਲੋਹਗੜ੍ਹ, ਪਰਮਜੀਤ ਸਿੰਘ ਲੋਹਗੜ੍ਹ, ਜੱਗਾ ਲੋਹਗੜ੍ਹ ਆਦਿ ਹਾਜ਼ਰ ਹਨ |