ਅੰਮਿ੍ਤਸਰ, 10 ਮਾਰਚ (ਜਸਵੰਤ ਸਿੰਘ ਜੱਸ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਦੀ ਪ੍ਰਸਤਾਵਿਤ ਪੰਜਾਬ ਫੇਰੀ ਨੂੰ ਲੈ ਕੇ ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ ਬੰਦੀ ਸਿੰੰਘਾਂ ਦੀ ਰਿਹਾਈ ਅਤੇ ਹੋਰ ਸਿੱਖ ਮਸਲਿਆਂ ਨੂੰ ਲੈ ਕੇ 12 ਮਾਰਚ ਨੂੰ ਜਲੰਧਰ ਵਿਖੇ ਪੰਥਕ ਸੰਮੇਲਨ ਸੱਦਿਆ ਗਿਆ ਹੈੈ | ਉਕਤ ਜਾਣਕਾਰੀ ਦਿੰਦਿਆਂ ਦਲ ਖ਼ਾਲਸਾ ਦੇ ਸਿਆਸੀ ਮਾਮਲਿਆਂ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਾਂ ਵਿਰੁੱਧ ਦਮਨ, ਫਰਜ਼ੀ ਮੁਕਾਬਲੇ, ਨੈਸ਼ਨਲ ਸਕਿਉਰਿਟੀ ਐਕਟ ਤਹਿਤ ਨਜ਼ਰਬੰਦੀ, ਬੰਦੀ ਸਿੰਘਾਂ ਨੂੰ ਅਣਮਿੱਥੇ ਸਮੇਂ ਲਈ ਜੇਲ੍ਹਾਂ 'ਚ ਡੱਕੀ ਰੱਖਣ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਜਵਾਬਦੇਹ ਬਨਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਚਾਰ ਹਮ-ਖਿਆਲੀ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਉਕਤ ਪੰਥਕ ਸੰਮੇਲਨ ਸੱਦਿਆ ਗਿਆ ਹੈ, ਜਿਸ ਵਿਚ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ, ਸਿਮਰਨਜੀਤ ਸਿੰਘ ਮਾਨ, ਗੁਰਪ੍ਰਤਾਪ ਸਿੰਘ ਵਡਾਲਾ, ਭਾਈ ਦਲਜੀਤ ਸਿੰਘ, ਭਾਈ ਤਰਸੇਮ ਸਿੰਘ, ਕਰਨੈਲ ਸਿੰਘ ਪੰਜੋਲੀ, ਪ੍ਰੋ. ਜਗਮੋਹਨ ਸਿੰਘ, ਭਾਈ ਗੁਰਚਰਨ ਸਿੰਘ ਪਟਿਆਲਾ, ਭੁਪਿੰਦਰ ਸਿੰਘ ਭਲਵਾਨ, ਨਰਾਇਣ ਸਿੰਘ, ਗੁਰਦੀਪ ਸਿੰਘ ਬਠਿੰਡਾ, ਵਿਦਿਆਰਥੀ ਆਗੂ ਜੁਗਰਾਜ ਸਿੰਘ, ਜੁਝਾਰ ਸਿੰਘ, ਪਰਮਜੀਤ ਸਿੰਘ ਗਾਜ਼ੀ ਆਦਿ ਆਗੂ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ ਸ੍ਰੀ ਸ਼ਾਹ ਨੂੰ ਚਾਹੀਦਾ ਹੈ ਕਿ ਉਹ ਮੋਗਾ ਰੈਲੀ ਵਿਚ ਬੋਲਦਿਆਂ ਸਿੱਖਾਂ ਤੇ ਪੰਜਾਬੀਆਂ ਦੇ ਇਨ੍ਹਾਂ ਸੁਆਲਾਂ ਦੇ ਜਵਾਬ ਵੀ ਦੇਣ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ |