ਕੋਟ ਈਸੇ ਖਾਂ, 11 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ (ਪੰਜਾਬ ਭਾਰਤ) ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ 'ਚ ਮਜ਼ਦੂਰ ਵਰਗ ਦੇ ਹੱਕਾਂ ਲਈ ਵੀ ਜਥੇਬੰਦੀ ਵਲੋਂ ਸ਼ੁਰੂ ਕੀਤੀਆਂ ਗਈਆਂ ਸਰਗਰਮੀਆਂ ਤਹਿਤ ਸਤਨਾਮ ਸਿੰਘ ਪੁੱਤਰ ਸੰਧੂਰਾ ਸਿੰਘ ਨੂੰ ਦਲ ਪੰਥ ਵਲੋਂ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਹ ਸ਼ਬਦ ਬਿਆਨ ਕਰਦਿਆਂ ਜਥੇਬੰਦੀ ਦੇ ਮਾਲਵਾ ਜੋਨ ਜਥੇਦਾਰ ਬਲਦੇਵ ਸਿੰਘ ਮੋਗਾ ਮੁੱਖ ਨਿਗਰਾਨ ਨੇ ਦੱਸਿਆ ਕਿ ਭੱਠਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਦੇ ਹੱਲ ਤੇ ਮਜ਼ਦੂਰਾਂ ਨੂੰ ਸਰਕਾਰੀ ਰੇਟ ਮੁਤਾਬਿਕ ਬਣਦੇ ਹੱਕ ਦਿਵਾਉਣ ਲਈ ਸਹੀ ਢੰਗ ਨਾਲ ਸਰਗਰਮੀਆਂ ਅਮਲ ਵਿਚ ਲਿਆਉਣ ਵਾਸਤੇ ਅਗਲੇਰੇ ਫ਼ੈਸਲੇ ਲਏ ਜਾ ਰਹੇ ਹਨ ਜਿਸ ਦੇ ਤਹਿਤ ਹੀ ਸਤਨਾਮ ਸਿੰਘ ਜੋ ਪਹਿਲਾਂ ਤੋਂ ਹੀ ਗਰੀਬ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਲਈ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ, ਜਿਸ ਨੂੰ ਦੇਖਦੇ ਹੋਏ ਜਥੇਬੰਦੀ ਵਲੋਂ ਉਨ੍ਹਾਂ ਨੂੰ ਤਰਜੀਹ ਦੇ ਆਧਾਰ 'ਤੇ ਨਿਯੁਕਤੀ ਪੱਤਰ ਦਿੱਤਾ ਗਿਆ ਹੈ | ਇੱਥੇ ਹੀ ਜਥੇਦਾਰ ਬਲਦੇਵ ਸਿੰਘ ਨੇ ਭੱਠਾ ਮਾਲਕਾਂ ਦੇ ਹੱਕ ਵਿਚ ਵੀ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਭੱਠਾ ਮਾਲਕ ਨੂੰ ਵੀ ਲੇਬਰ ਵਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਜਥੇਬੰਦੀ ਉਸ ਮਾਮਲੇ ਵਿਚ ਵੀ ਇਨਸਾਫ਼ ਪੂਰਨ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਰਹੇਗੀ | ਨਵ- ਨਿਯੁਕਤ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਨੇ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਤੇ ਮਾਲਵਾ ਜੋਨ ਜਥੇਦਾਰ ਬਲਦੇਵ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਮਜ਼ਦੂਰ ਵਰਗ ਦੇ ਹੱਕਾਂ ਲਈ ਹਰ ਸੰਭਵ ਯਤਨ ਕੀਤੇ ਜਾਣਗੇ |